ਚੜ੍ਹਦੀਕਲਾ ਫੰਡ ਰਾਹੀਂ ਇਕੱਠੇ ਕੀਤੇ ਪੈਸੇ ਦਾ ਵੇਰਵਾ ਜਨਤਕ ਕਰੇ ਸਰਕਾਰ : ਖੰਨਾ
ਚੜ੍ਹਦੀਕਲਾ ਫੰਡ ਰਾਹੀਂ ਇਕੱਠੇ ਕੀਤੇ ਪੈਸੇ ਦਾ ਵੇਰਵਾ ਜਨਤਕ ਕਰੇ ਸਰਕਾਰ- ਖੰਨਾ
Publish Date: Fri, 06 Feb 2026 03:53 PM (IST)
Updated Date: Sat, 07 Feb 2026 03:59 AM (IST)

ਛੇ ਮਹੀਨੇ ਬਾਅਦ ਵੀ ਚੜ੍ਹਦੀਕਲਾ ਫੰਡ ਤੋਂ ਕਿਸਾਨਾਂ ਨੂੰ ਨਹੀਂ ਮਿਲਿਆ ਮੁਆਵਜ਼ਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਭਾਜਪਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਚੜ੍ਹਦੀਕਲਾ ਫੰਡ ਦੇ ਮੁੱਦੇ ’ਤੇ ਘੇਰਦੇ ਹੋਏ ਕਿਹਾ ਹੈ ਕਿ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਫੰਡ ਬਾਰੇ ਦੱਸਣਾ ਚਾਹੀਦਾ ਹੈ ਕਿ ਸੂਬੇ ਦੇ ਵਪਾਰੀਆਂ, ਕਾਰੋਬਾਰੀਆਂ ਤੇ ਉਦਯੋਗਪਤੀਆਂ ਤੋਂ ਕਿੰਨਾ ਪੈਸਾ ਇਕੱਠਾ ਕੀਤਾ ਗਿਆ ਹੈ ਅਤੇ ਕਿੰਨਾ ਪੈਸਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤਾ ਗਿਆ ਹੈ। ਅਰਵਿੰਦ ਖੰਨਾ ਨੇ ਕਿਹਾ ਕਿ ਸਰਕਾਰ ਨੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਵਰਤੋਂ ਕਰ ਕੇ ਚੜ੍ਹਦੀਕਲਾ ਦੇ ਨਾਮ ’ਤੇ ਪੈਸਾ ਇਕੱਠਾ ਕੀਤਾ ਹੈ, ਪਰ ਇਹ ਪੈਸਾ ਕਿਸਦੇ ਲਈ ਖਰਚ ਕੀਤਾ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਿਛਲੇ ਸਾਲ ਦੇ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਬਣਾਏ ਗਏ ਚੜ੍ਹਦੀਕਲਾ ਫੰਡ ਦੇ ਲਈ ਟ੍ਰੇਡ ਤੇ ਇੰਡਸਟਰੀ ’ਤੇ ਪੈਸਾ ਦੇਣ ਦਾ ਦਬਾਅ ਪਾਇਆ ਗਿਆ ਸੀ। ਫੰਡ ਬਣਾਏ ਨੂੰ 6 ਮਹੀਨਿਆਂ ਤੋਂ ਵੱਧ ਸਮਾਂ ਬੀਤ ਗਿਆ ਹੈ, ਪਰ ਆਪ ਸਰਕਾਰ ਨੇ ਇਸਦੇ ਰਾਹੀਂ ਇਕੱਠੀ ਕੀਤੀ ਕੁੱਲ ਰਕਮ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਸੂਬਾ ਸਰਕਾਰ ਵੱਲੋਂ ਟ੍ਰੇਡ ਅਤੇ ਇੰਡਸਟਰੀ ਤੋਂ ਜਬਰੀ ਵਸੂਲੀ ਦਾ ਸਖ਼ਤ ਨੋਟਿਸ ਲੈਂਦਿਆਂ ਖੰਨਾ ਨੇ ਕਿਹਾ ਕਿ ਆਬਕਾਰੀ ਅਤੇ ਕਰ ਅਧਿਕਾਰੀਆਂ ਨੂੰ ਹਰ ਮਹੀਨੇ ਅੱਠ ਛਾਪੇ ਮਾਰਨ ਅਤੇ ਪ੍ਰਤੀ ਛਾਪਾ ਘੱਟੋ-ਘੱਟ 8 ਲੱਖ ਰੁਪਏ ਦਾ ਜੁਰਮਾਨਾ ਲਗਾਉਣ ਦੇ ਨਿਰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਤੋਂ ਨਿਵੇਸ਼ ਦਾ ਪਲਾਇਨ ਹੋ ਰਿਹਾ ਹੈ। ਇਨ੍ਹਾਂ ਕਾਰਨਾਂ ਕਰਕੇ ਇੰਡਸਟਰੀ ਪੰਜਾਬ ਛੱਡ ਰਹੀ ਹੈ। ਇਸ ਵੇਲੇ ਪੰਜਾਬ ਵਿੱਚ ਉਦਯੋਗਿਕ ਖੇਤਰ ਲਈ ਬਿਜਲੀ 9 ਤੋਂ 10 ਰੁਪਏ ਪ੍ਰਤੀ ਯੂਨਿਟ ਤੱਕ ਹੋ ਗਈ ਹੈ। ਅਜਿਹੇ ਹਾਲਾਤਾਂ ਵਿੱਚ, ਇੰਡਸਟਰੀ ਪੰਜਾਬ ਵਿੱਚ ਕਿਉਂ ਰਹੇਗੀ।