ਕਣਕ ਦੀ ਸਰਕਾਰੀ ਖਰੀਦ ਸ਼ੁਰੂ, ਸਾਰੀਆਂ ਮੰਡੀਆਂ ਫਸਲ ਤੋਂ ਨਦਾਰਦ
ਕਣਕ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ
Publish Date: Tue, 31 Mar 2026 04:12 PM (IST)
Updated Date: Wed, 01 Apr 2026 04:01 AM (IST)

ਖਰੀਦ ਕੇਂਦਰਾਂ ਵਿਚ ਕਿਤੇ ਵੀ ਕਣਕ ਦੀ ਢੇਰੀ ਵਿਕਣ ਲਈ ਨਹੀਂ ਪਹੁੰਚੀ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਬੇਸ਼ਕ ਕਣਕ ਦੀ ਸਰਕਾਰੀ ਖਰੀਦ ਅੱਜ ਤੋਂ ਚਾਲੂ ਹੋ ਚੁੱਕੀ ਹੈ, ਪ੍ਰੰਤੂ ਲਹਿਰਾਗਾਗਾ ਦੀ ਪੂਰੀ ਸਬ-ਡਵੀਜਨ ਦੀਆਂ ਸ਼ਹਿਰੀ ਅਨਾਜ ਮੰਡੀਆਂ ਤੇ ਇਸ ਨਾਲ ਜੁੜੇ ਖਰੀਦ ਕੇਂਦਰਾਂ ਵਿਚ ਕਿਤੇ ਵੀ ਕਣਕ ਦੀ ਢੇਰੀ ਵਿਕਣ ਲਈ ਨਹੀਂ ਪਹੁੰਚੀ, ਸਾਰੀਆਂ ਮੰਡੀਆਂ ਫਸਲ ਵੱਲੋਂ ਨਦਾਰਦ ਪਈਆਂ ਹਨ। ਵੱਡੀ ਅਨਾਜ ਮੰਡੀ ਲਹਿਰਾਗਾਗਾ, ਮੂਣਕ, ਲਹਿਲ ਕਲਾਂ, ਬਖੋਰਾ, ਜਵਾਹਰਵਾਲਾ, ਬੱਲਰਾਂ, ਭਟਾਲ ਕਲਾਂ, ਭੁਟਾਲ ਖੁਰਦ, ਢੀਂਡਸਾ, ਜਲੂਰ, ਕਾਲਬੰਜਾਰਾ, ਰਾਮਗੜ੍ਹ, ਸੇਖੂਵਾਸ, ਘੋੜੇਨਬ, ਸੰਗਤਪੁਰਾ, ਫਤਿਹਗੜ੍ਹ, ਹਰਿਆਊ, ਡਸਕਾ ਆਦਿ ਦੇ ਦੌਰਾਨ ਅਜੇ ਤੱਕ ਕਿਸੇ ਵੀ ਮੰਡੀ ਵਿੱਚ ਕਣਕ ਦਾ ਦਾਣਾ ਨਹੀਂ ਪਹੁੰਚਿਆ। ਜੇਕਰ ਮੰਡੀਆਂ ਵਿੱਚ ਸਫਾਈ ਦੀ ਗੱਲ ਕਰੀਏ ਤਾਂ ਮੰਡੀਆਂ ਵਿੱਚ ਕੁਝ ਹੱਦ ਤੱਕ ਸਫਾਈ ਕੀਤੀ ਹੋਈ ਹੈ। ਪਰਚੇਜ਼ ਸੈਂਟਰਾਂ ਵਿੱਚ ਅਜੇ ਤੱਕ ਕਿਤੇ ਵੀ ਲਾਈਟਾਂ ਦਾ ਪ੍ਰਬੰਧ ਨਹੀਂ ਹੋਇਆ। ਜਦੋਂ ਉਪਰੋਕਤ ਮਾਮਲੇ ਤੇ ਮਾਰਕੀਟ ਕਮੇਟੀ ਲਹਿਰਾਗਾਗਾ ਦੇ ਸਕੱਤਰ ਅਮਨਦੀਪ ਸਿੰਘ ਸੰਧੂ ਨਾਲ ਗੱਲ ਕੀਤੀ, ਤਾਂ ਉਨਾਂ ਦੱਸਿਆ ਕਿ ਅਜੇ ਮੰਡੀ ਵਿੱਚ ਇੱਕ ਹਫਤਾ ਕਣਕ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਲਈ ਜੇਕਰ ਅਸੀਂ ਪਰਚੇਜ ਸੈਂਟਰਾਂ ਵਿੱਚ ਲਾਈਟਾਂ ਲਗਾ ਦਿੱਤੀਆਂ ਤਾਂ ਚੋਰੀ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਮੰਡੀਆਂ ਵਿੱਚ ਕਣਕ ਦੀ ਫ਼ਸਲ ਆਉਣ ਤੋਂ ਪਹਿਲਾਂ-ਪਹਿਲਾਂ ਲਾਈਟਾਂ ਅਤੇ ਜਿੱਥੇ ਕਿਤੇ ਸਫਾਈ ਦੀ ਘਾਟ ਹੈ ਉਹ ਵੀ ਮੁਕੰਮਲ ਕਰ ਦਿੱਤੀ ਜਾਵੇਗੀ। ਇਸ ਫਸਲ ਦੀ ਦੇਰੀ ਕਾਰਨ ਜਦੋਂ ਪਿੰਡ ਖੋਖਰ ਕਲਾਂ ਦੇ ਸਰਪੰਚ ਗੁਰਮੀਤ ਸਿੰਘ, ਅਤੇ ਖੋਖਰ ਖੁਰਦ ਦੇ ਸਰਪੰਚ ਬਲਦੀਪ ਸਿੰਘ ਨਾਲ ਗੱਲ ਕੀਤੀ, ਤਾਂ ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਗਰਮੀ ਜਿਆਦਾ ਵਧ ਗਈ ਸੀ ਉਦੋਂ ਇਸ ਤਰ੍ਹਾਂ ਲੱਗਦਾ ਸੀ ਕਿ ਕਣਕ ਪਹਿਲੀ ਤਰੀਕ ਨੂੰ ਆ ਜਾਵੇਗੀ, ਪ੍ਰੰਤੂ ਉਸ ਉਪਰੰਤ ਪਈ ਬਾਰਸ਼ ਅਤੇ ਮਾਰਚ ਮਹੀਨੇ ਵਿੱਚ ਪਈ ਦਸੰਬਰ ਵਾਲੀ ਠੰਡ ਨੇ ਜਿੱਥੇ ਕਣਕਾਂ ਦੇ ਝਾੜ ਵਿੱਚ ਵਾਧਾ ਕੀਤਾ ਹੈ, ਉਥੇ ਹੀ ਇਹ ਕਣਕ ਪੱਕਣ ਵਿੱਚ ਦੇਰੀ ਹੋਣ ਕਾਰਨ ਹੁਣ ਕਣਕ 7-8 ਅਪਰੈਲ ਤੋਂ ਪਹਿਲਾਂ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਡੱਬੀ ਸਰਕਾਰ ਨੇ ਸਮੇਂ ਤੋਂ ਪਹਿਲਾਂ ਲੋੜੀਦੇ ਪ੍ਰਬੰਧ ਕੀਤੇ ਪੂਰੇ : ਜੀਵਨ ਕੁਮਾਰ ਰੱਬੜ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਚਚੇਰੇ ਭਰਾ ਜੀਵਨ ਕੁਮਾਰ ਰੱਬੜ ਨੇ ਕਿਹਾ ਕਿ ਆਪ ਸਰਕਾਰ ਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਹਲਕਾ ਲਹਿਰਾ ਦੇ ਵਿਧਾਇਕ ਸਦਕਾ ਕਿਸੇ ਆੜ੍ਹਤੀ, ਮਜ਼ਦੂਰ ਤੇ ਕਿਸਾਨ ਨੂੰ ਬਾਰਦਾਨੇ ,ਲਿਫਟਿੰਗ ਅਤੇ ਅਦਾਇਗੀ ਸਬੰਧੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਮੇਂ ਤੋਂ ਪਹਿਲਾਂ ਲੋੜੀਦੇ ਪ੍ਰਬੰਧ ਕਰ ਲਏ ਹਨ। ਇੱਥੋਂ ਤੱਕ ਕਿ 31000 ਕਰੋੜ ਦੇ ਕਰੀਬ ਸੀਸੀ ਲਿਮਿਟ ਵੀ ਜਾਰੀ ਹੋ ਚੁੱਕੀ ਹੈ। ਜਿਸਦੇ ਚਲਦਿਆਂ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਵੇਗੀ।