ਐੱਸਡੀਐੱਮ ਲਹਿਰਾ ਨੇ ਹਸਪਤਾਲ ਦੀ ਕੀਤੀ ਚੈਕਿੰਗ
ਸਰਕਾਰੀ ਹਸਪਤਾਲ, ਹਨੇਰੇ ’ਚ ਹੀ ਹੋ ਰਿਹਾ ਸੀ ਮਰੀਜ਼ਾਂ ਦਾ ਇਲਾਜ
Publish Date: Thu, 23 Apr 2026 06:27 PM (IST)
Updated Date: Fri, 24 Apr 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਐੱਸਡੀਐੱਮ ਲਹਿਰਾ ਰਕੇਸ਼ ਪ੍ਰਕਾਸ਼ ਗਰਗ ਵੱਲੋਂ ਸਮੇਂ-ਸਮੇਂ ਸਿਰ ਸਬ ਡਿਵੀਜ਼ਨ ਲਹਿਰਾ ਤੇ ਮੂਨਕ ਦੇ ਦਫ਼ਤਰਾਂ ਅੰਦਰ ਕਾਰਗੁਜ਼ਾਰੀ ਜਾਂਚਣ ਲਈ ਦੌਰਾ ਕੀਤਾ ਜਾਂਦਾ ਹੈ, ਤਾਂ ਜੋ ਪਬਲਿਕ ਨੂੰ ਵਧੀਆ ਤੇ ਸਮੇਂ ਸਿਰ ਸਾਰੀਆਂ ਸਹੂਲਤਾਂ ਮਿਲਦੀਆਂ ਰਹਿਣ। ਜਿਸ ਦੇ ਚਲਦਿਆਂ ਉਨ੍ਹਾਂ ਨੇ ਸਰਕਾਰੀ ਹਸਪਤਾਲ ਮੂਨਕ ਵਿਖੇ ਜਾ ਕੇ ਜਿੱਥੇ ਮਰੀਜ਼ਾਂ ਦਾ ਹਾਲ-ਚਾਲ ਜਾਣਿਆ, ਉੱਥੇ ਹੀ ਡਾਕਟਰਾਂ ਦੀ ਕਾਰਗੁਜ਼ਾਰੀ ਦਾ ਵੀ ਪਤਾ ਲਾਇਆ। ਇਸ ਵਿੱਚ ਉਨ੍ਹਾਂ ਦੇਖਿਆ ਕਿ ਬਿਨਾਂ ਬਿਜਲੀ ਤੋਂ ਹੀ ਹਨੇਰੇ ਵਿੱਚ ਮਰੀਜ਼ਾਂ ਦਾ ਇਲਾਜ ਹੋ ਰਿਹਾ ਸੀ। ਜਿਸ ਦਾ ਐੱਸਡੀਐੱਮ ਗਰਗ ਨੇ ਸਖ਼ਤ ਨੋਟਿਸ ਲਿਆ। ਉਨ੍ਹਾਂ ਸਰਕਾਰੀ ਹਸਪਤਾਲ ਮੂਨਕ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਹਦਾਇਤ ਕੀਤੀ ਕਿ ਜਨਰੇਟਰ ਜਲਦੀ ਠੀਕ ਕਰਾਇਆ ਜਾਵੇ। ਉਨ੍ਹਾਂ ਅੱਗੇ ਤੋਂ ਕਿਸੇ ਵੀ ਅਣਗਹਿਲੀ ਲਈ ਸਖਤ ਚਿਤਾਵਨੀ ਦਿੱਤੀ। ਉਨ੍ਹਾਂ ਨੇ ਮਰੀਜ਼ਾਂ ਵਾਲੀ ਲਾਈਨ ’ਚ ਲੱਗ ਕੇ ਸਟਾਫ਼ ਦਾ ਲੋਕਾਂ ਨਾਲ ਵਿਹਾਰ ਦਾ ਪਤਾ ਲਾਇਆ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਕਿਸੇ ਵੀ ਮੁਲਾਜ਼ਮ ਵੱਲੋਂ ਮਰੀਜ਼ਾਂ ਨਾਲ ਦੁਰਵਿਹਾਰ ਜਾ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਹਸਪਤਾਲ ਵਿੱਚ ਸਮੇਂ ਸਿਰ ਅਤੇ ਸਾਰਿਆਂ ਦੀ ਹਾਜ਼ਰੀ ਯਕੀਨੀ ਹੋਣੀ ਚਾਹੀਦੀ ਹੈ।