ਗੈਂਗਸਟਰ ਤੇ ਸਮੱਗਲਰ ਪਿਛਲੀਆਂ ਸਰਕਾਰਾਂ ਦੀ ਦੇਣ : ਲਾਲਜੀਤ ਸਿੰਘ ਭੁੱਲਰ
ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਸੂਬੇ ਵਿੱਚ ਗੈਂਗਸਟਰ ਤੇ ਸਮੱਗਲਰ ਪਿਛਲੇ ਸਮੇਂ ਰਾਜ ਕਰਦੀਆਂ ਰਹੀਆਂ ਪਾਰਟੀਆਂ ਦੀ ਦੇਣ ਹੈ ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਦੀ ਮੌਜੂਦਾ ਸਰਕਾਰ ਨੇ ਇਨ੍ਹਾਂ ਦਾ ਸਫ਼ਾਇਆ ਸ਼ੁਰੂ ਕਰ ਦਿੱਤਾ ਹੈ।
Publish Date: Wed, 11 Feb 2026 05:47 PM (IST)
Updated Date: Wed, 11 Feb 2026 05:50 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਸੂਬੇ ਵਿੱਚ ਗੈਂਗਸਟਰ ਤੇ ਸਮੱਗਲਰ ਪਿਛਲੇ ਸਮੇਂ ਰਾਜ ਕਰਦੀਆਂ ਰਹੀਆਂ ਪਾਰਟੀਆਂ ਦੀ ਦੇਣ ਹੈ ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਦੀ ਮੌਜੂਦਾ ਸਰਕਾਰ ਨੇ ਇਨ੍ਹਾਂ ਦਾ ਸਫ਼ਾਇਆ ਸ਼ੁਰੂ ਕਰ ਦਿੱਤਾ ਹੈ। ਜੇਲ੍ਹ ਮੰਤਰੀ ਅੱਜ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ, ਪਟਿਆਲਾ ਵਿਖੇ ਪੰਜਾਬ ਜੇਲ ਵਿਭਾਗ ਦੇ ਵਾਰਡਰਾਂ ਤੇ ਮੈਟਰਨਜ਼ ਦੀ ਮੁਢਲੀ ਸਿਖਲਾਈ ਮੁਕੰਮਲ ਹੋਣ ਬਾਅਦ ਪਾਸਿੰਗ ਆਊਟ ਪਰੇਡ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ।
ਲਾਲਜੀਤ ਸਿੰਘ ਭੁੱਲਰ ਨੇ ਅੱਗੇ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਉਚ ਦਰਜੇ ਦੇ ਗੈਂਗਸਟਰਾਂ, ਸਮੱਗਲਰਾਂ ਤੇ ਹੋਰ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਨਿਗਰਾਨੀ ਹੇਠਾਂ ਰੱਖਣ ਲਈ ਲੁਧਿਆਣਾ ਵਿਖੇ ਬਣ ਰਹੀ ਹਾਈ ਸਕਿਉਰਿਟੀ ਜੇਲ੍ਹ ਇਸ ਸਾਲ ਦੇ ਅੰਤ ਤੱਕ ਚਾਲੂ ਕਰ ਦਿੱਤੀ ਜਾਵੇਗੀ। ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਮਗਰੋਂ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ਿਆਂ 'ਤੇ ਲਗਾ ਕੇ ਅਤੇ ਬੇਕਸੂਰਾਂ ਨੂੰ ਗੋਲੀਆਂ ਮਾਰ ਕੇ ਫ਼ਿਰੌਤੀਆਂ ਮੰਗਣ ਵਾਲੇ ਲੋਕਾਂ ਦੇ ਦੁਸ਼ਮਣ ਸਰਕਾਰ ਤੋਂ ਰਹਿਮ ਤੇ ਤਰਸ ਦੀ ਕੋਈ ਉਮੀਦ ਨਾ ਕਰਨ।