ਕੇਂਦਰ ਸਰਕਾਰ ਵੱਲੋਂ ਰਿਆਇਤਾਂ ਨਾਲ ਕਿਸਾਨਾਂ ਨੂੰ ਵੱਡੀ ਰਾਹਤ : ਗੰਗਰੌਲੀ
ਕੇਂਦਰ ਸਰਕਾਰ ਵੱਲੋਂ ਰਿਆਇਤਾਂ ਨਾਲ ਕਿਸਾਨਾਂ ਨੂੰ ਵੱਡੀ ਰਾਹਤ: ਗੰਗਰੌਲੀ
Publish Date: Fri, 24 Apr 2026 05:05 PM (IST)
Updated Date: Fri, 24 Apr 2026 05:07 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਬੇਮੌਸਮੀ ਬਾਰਿਸ਼ ਕਾਰਨ ਕਣਕ ਦੀ ਫ਼ਸਲ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਖਰੀਦ ਮਾਪਦੰਡਾਂ ਵਿਚ ਦਿੱਤੀਆਂ ਗਈਆਂ ਰਿਆਇਤਾਂ ਦਾ ਭਾਜਪਾ ਨੇ ਸਵਾਗਤ ਕੀਤਾ ਹੈ। ਭਾਜਪਾ ਦੇ ਜ਼ਿਲ੍ਹਾ ਦਿਹਾਤੀ ਉੱਤਰੀ ਦੇ ਪ੍ਰਧਾਨ ਜਸਪਾਲ ਸਿੰਘ ਗਗਰੋਲੀ ਨੇ ਅਨਾਜ ਮੰਡੀ ਦੁੱਧਨਸਾਧਾਂ ਦਾ ਦੌਰਾ ਕਰਦਿਆਂ ਇਸ ਫ਼ੈਸਲੇ ਨੂੰ ਕਿਸਾਨਾਂ ਲਈ ਵੱਡੀ ਰਾਹਤ ਕਰਾਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਜ਼ਿਲ੍ਹਾ ਸਕੱਤਰ ਧਰਮਪਾਲ ਸ਼ਰਮਾ ਵੀ ਮੌਜੂਦ ਸਨ। ਜਸਪਾਲ ਸਿੰਘ ਗਗਰੌਲੀ ਨੇ ਕਿਹਾ ਕਿ ਬੇਮੌਸਮੀ ਮੀਂਹ ਕਾਰਨ ਲੱਖਾਂ ਕਿਸਾਨ ਪ੍ਰਭਾਵਿਤ ਹੋਏ ਹਨ ਅਤੇ ਵੱਡੀ ਮਾਤਰਾ ਵਿੱਚ ਪੱਕੀ ਹੋਈ ਕਣਕ ਦਾ ਦਾਣਾ ਬਦਰੰਗ ਹੋ ਗਿਆ ਹੈ। ਇਸ ਕਾਰਨ ਮੰਡੀਆਂ ਵਿੱਚ ਆਈ ਫ਼ਸਲ ਦੀ ਖਰੀਦ ਨੂੰ ਲੈ ਕੇ ਖਰੀਦ ਏਜੰਸੀਆਂ ਵੱਲੋਂ ਆਨਾਕਾਣੀ ਕੀਤੀ ਜਾ ਰਹੀ ਸੀ, ਜਿਸ ਨਾਲ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਗੁਆਂਢੀ ਰਾਜਾਂ ਹਰਿਆਣਾ ਅਤੇ ਰਾਜਸਥਾਨ ਨੇ ਸਮੇਂ ਸਿਰ ਕੇਂਦਰ ਕੋਲ ਮਾਮਲਾ ਉਠਾਇਆ, ਜਿਸ ਕਾਰਨ ਉਨ੍ਹਾਂ ਨੂੰ ਜਲਦੀ ਰਾਹਤ ਮਿਲੀ। ਪਿਛਲੇ ਸਾਲ ਹਡ਼੍ਹਾਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੇ ਮਾਮਲੇ ਵਿਚ ਵੀ ਪੰਜਾਬ ਸਰਕਾਰ ਵੱਲੋਂ ਅੰਕਡ਼ੇ ਸਮੇਂ ਸਿਰ ਨਾ ਦੇਣ ਕਾਰਨ ਕਿਸਾਨਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ। ਧਰਮਪਾਲ ਸ਼ਰਮਾ ਨੇ ਆਡ਼੍ਹਤੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਆਡ਼ਤੀ ਭਾਈਚਾਰਾ ਵੱਲੋਂ ਕੇਂਦਰ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਕਣਕ ਦੀ ਖ਼ਰਾਬ ਹੋਈ ਫ਼ਸਲ ਨੂੰ ਰਿਆਇਤ ਦੇ ਕੇ ਖਰੀਦ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਵਿਚ ਸਾਡੀ ਮਦਦ ਕੀਤੀ ਹੈ। ਇਸ ਮੌਕੇ ਜਰਨੈਲ ਸਿੰਘ ਸ਼ੇਖਪੁਰਾ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ, ਧਰਮਿੰਦਰ ਸਿੰਘ, ਸੰਦੀਪ ਸ਼ਰਮਾ ਜ਼ਿਲ੍ਹਾ ਸਕੱਤਰ, ਵਰਿੰਦਰ ਵਿਸਕੀ, ਜਨਰਲ ਸਕੱਤਰ ਰਮੇਸ਼ ਲਾਂਬਾ, ਜਸਵਿੰਦਰ ਸ਼ਰਮਾ, ਬਲਕਾਰ ਸਿੰਘ, ਹਰਪਾਲ ਸਿੰਘ, ਆਡ਼ਤੀ ਚੌਧਰੀ ਭਜਨ ਸਿੰਘ, ਗੁਰਮੀਤ ਸਿੰਘ, ਹੇਮ ਚੰਦ, ਬੀਰਦਵਿੰਦਰ ਸਿੰਘ, ਲਖਬੀਰ ਸਿੰਘ ਆਦਿ ਵੀ ਮੌਜੂਦ ਸਨ।