ਗਗਨਦੀਪ ਰੰਧਾਵਾ ਵੱਲੋਂ ਖ਼ੁਦਕੁਸ਼ੀ ਕਰਨਾ ਸਮਾਜ ਲਈ ਚਿੰਤਾ : ਬਹਿਰੂ
ਗਗਨਦੀਪ ਸਿੰਘ ਰੰਧਾਵਾ ਵੱਲੋਂ ਖ਼ੁਦਕੁਸ਼ੀ ਕਰਨਾ ਸਮਾਜ ਲਈ ਚਿੰਤਾ: ਬਹਿਰੂ
Publish Date: Wed, 25 Mar 2026 04:58 PM (IST)
Updated Date: Wed, 25 Mar 2026 05:01 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਵੇਅਰ ਹਾਊਸ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹਾ ਮੈਨੇਜਰ ਵੱਲੋਂ ਰਾਜਸੀ ਦਬਾਅ ਕਾਰਨ ਖ਼ੁਦਕੁਸ਼ੀ ਉੱਤੇ ਆਪਣਾ ਪ੍ਰਤੀਕਰਮ ਦਿੰਦਿਆਂ ਇੰਡੀਅਨ ਫਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਜਿਥੇ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਅਤੇ ਸੰਗੀ ਸਾਥੀਆਂ ਨਾਲ ਹਮਦਰਦੀ ਜ਼ਾਹਰ ਕੀਤੀ ਉਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਯਾਦ ਦਿਵਾਇਆ ਕਿ ਪੰਜਾਬ ਦੇ ਲੋਕਾਂ ਨੂੰ ਭਲੀ ਭਾਂਤ ਪਤਾ ਹੈ ਕਿ ਜਦੋਂ ਪੰਜਾਬੀਆਂ ਨੇ ਤੁਹਾਨੂੰ ਮੁੱਖ ਮੰਤਰੀ ਦੀ ਸੇਵਾ ਸੌਂਪੀ ਸੀ ਤਾਂ ਤੁਸੀਂ 16 ਮਾਰਚ 2022 ਨੂੰ ਸ਼ਹੀਦਾਂ ਦੀ ਸਮਾਧ ਖਟਕਡ਼ ਕਲਾਂ ਤੇ ਸੋਂਹ ਖਾਣ ਸਮੇਂ ਇਹ ਪ੍ਰਣ ਕੀਤਾ ਸੀ ਕਿ ਮੇਰੀ ਸਰਕਾਰ ਪੰਜਾਬੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਵੇਗੀ ਪਰ ਹੁਣ ਤੁਹਾਡੀ ਅਗਵਾਈ ਵਾਲੀ ਸਰਕਾਰ ਦੇ ਮੰਤਰੀਆਂ ਸੰਤਰੀਆਂ ਤੇ ਭ੍ਰਿਸ਼ਟਾਚਾਰ ਦੇ ਵੱਡੇ ਵੱਡੇ ਇਲਜ਼ਾਮ ਕਿਉਂ ਲੱਗ ਰਹੇ ਹਨ। ਬਹਿਰੂ ਨੇ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੇ ਇਮਾਨਦਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵੱਡਾ ਹਿੱਸਾ ਰਾਜਨੀਤਕ ਦਬਾਅ ਹੇਠਾਂ ਕੰਮ ਕਰਦਿਆਂ ਘੁੱਟਣ ਮਹਿਸੂਸ ਕਰ ਰਿਹਾ ਹੈ ਅਤੇ ਭ੍ਹਿਸ਼ਟ ਅਧਿਕਾਰੀਆਂ ਨੂੰ ਮੌਜਾਂ ਲੱਗੀਆਂ ਹੋਈਆਂ ਹਨ ਕਿ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਵਾਲਾ ਕੋਈ ਮੰਤਰੀ ਸੰਤਰੀ ਨਹੀਂ ਹੈ। ਉਨ੍ਹਾਂ ਕਿਹਾ ਸਰਕਾਰ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ, ਤਾਂ ਹੀ ਅੱਜ ਸਾਰੇ ਪੰਜਾਬੀ ਇੱਕ ਆਵਾਜ਼ ਨਾਲ ਮੰਗ ਕਰ ਰਹੇ ਹਨ ਕਿ ਗਗਨਦੀਪ ਸਿੰਘ ਰੰਧਾਵਾ ਦੇ ਕਾਂਡ ਵਿਚ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਖ਼ਿਲਾਫ਼ ਹੋਏ ਪਰਚੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਜੱਥੇਬੰਦੀ ਨੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਹਾਈਕੋਰਟ ਵਿਚ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ ਤਾਂ ਜੋ ਦੋਸ਼ੀਆਂ ਨੂੰ ਬਣਦੀ ਸਜ਼ਾ ਦਿਵਾਈ ਜਾ ਸਕੇ।