ਸਾਧੂ ਦਾ ਭੇਸ ਬਣਾ ਕੇ ਘਰ ਮਿਲਣ ਆਇਆ ਭਗੌੜਾ ਕਾਬੂ
ਸਾਧੂ ਦਾ ਭੇਸ ਬਣਾ ਕੇ ਘਰ ਮਿਲਣ ਆਇਆ ਭਗੌੜਾ ਕਾਬੂ
Publish Date: Thu, 23 Apr 2026 06:00 PM (IST)
Updated Date: Fri, 24 Apr 2026 04:04 AM (IST)

ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਸਾਲ 2022 ਤੋਂ ਐਕਸਾਈਜ ਐਕਟ ’ਚ ਭਗੌੜਾ ਵਿਅਕਤੀ ਸਾਧੂ ਦਾ ਭੇਸ਼ ਬਣਾ ਕੇ ਜਦੋਂ ਆਪਣੇ ਘਰ ਪੁੱਜਾ, ਤਾਂ ਖਨੌਰੀ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ ਤੇ ਅਦਾਲਤ ਵਿਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਐੱਸਐੱਚਓ ਖਨੌਰੀ ਸਬ ਇੰਸਪੈਕਟਰ ਯੋਗੇਸ਼ ਗਰਗ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਤੇ ਡੀਐੱਸਪੀ ਮੂਨਕ ਰਾਜੇਸ਼ ਸਨੇਹੀ ਵੱਲੋਂ ਜੁਰਮ ਦੇ ਖਾਤਮੇ ਤੇ ਪੈਂਡੈਂਸੀ ਕੇਸਾਂ ਦੇ ਨਿਪਟਾਰੇ ਸਬੰਧੀ ਹਦਾਇਤਾਂ ਤੇ ਅਮਲ ਕਰਦਿਆਂ ਉਨ੍ਹਾਂ ਵੱਲੋਂ ਹੌਲਦਾਰ ਵੀਰਦਵਿੰਦਰ ਸਿੰਘ ਦੀ ਅਗਵਾਈ ਵਿਚ ਇਕ ਟੀਮ ਗਠਿਤ ਕੀਤੀ ਗਈ ਸੀ, ਜਿਨ੍ਹਾਂ ਵੱਲੋਂ ਖੁਫੀਆ ਤੰਤਰ ਤੇ ਤਕਨੀਕੀ ਬਰੀਕੀਆਂ ਨਾਲ ਵੱਖ-ਵੱਖ ਸੂਤਰਾਂ ਤੋਂ ਜਾਣਕਾਰੀ ਇਕੱਤਰ ਕਰਕੇ ਸਾਲ 2022 ਤੋਂ ਖਨੌਰੀ ਪੁਲਿਸ ਸਟੇਸ਼ਨ ਦਾ ਇਕ ਪੀਓ ਭੁਪਿੰਦਰ ਸਿੰਘ ਵਾਸੀ ਪਿੰਡ ਗੁਲਾੜੀ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ, ਜਿਸ ਖ਼ਿਲਾਫ਼ ਥਾਣਾ ਖਨੌਰੀ ਵਿਖੇ ਸਾਲ 2017 ਵਿਚ ਐਕਸਾਈਜ਼ ਐਕਟ ਅਧੀਨ 268 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਬਰਾਮਦ ਕਰ ਕੇ ਕੇਸ ਦਰਜ ਕੀਤਾ ਗਿਆ ਸੀ। ਜੋ ਦੌਰਾਨੇ ਜਮਾਨਤ ਅਦਾਲਤੀ ਕਾਰਵਾਈ ਤੋਂ ਭਗੌੜਾ ਹੋ ਗਿਆ ਸੀ। ਇਸ ਸਬੰਧੀ ਥਾਣਾ ਖਨੌਰੀ ’ਚ 10 ਅਗਸਤ 2022 ਨੂੰ ਕੇਸ ਦਰਜ ਕੀਤਾ ਗਿਆ ਸੀ। ਮੁੱਖ ਅਫਸਰ ਥਾਣਾ ਖਨੌਰੀ ਨੇ ਦੱਸਿਆ ਕਿ ਭੁਪਿੰਦਰ ਸਿੰਘ ਬਹੁਤ ਹੀ ਸ਼ਾਤਰ ਕਿਸਮ ਦਾ ਵਿਅਕਤੀ ਸੀ ਤੇ ਲੰਘੇ ਅਰਸੇ ਦੌਰਾਨ ਉਹ ਵੱਖ-ਵੱਖ ਸਥਾਨਾਂ ’ਤੇ ਭੇਸ ਬਦਲ ਕੇ ਰਹਿੰਦਾ ਰਿਹਾ ਹੈ ਅਤੇ ਅੱਜ ਜਦੋਂ ਉਹ ਸਾਧੂ ਦੇ ਭੇਸ ਵਿੱਚ ਆਪਣੇ ਘਰ ਮਿਲਣ ਲਈ ਆਇਆ ਹੋਇਆ ਸੀ, ਨੂੰ ਉਨ੍ਹਾਂ ਵੱਲੋਂ ਬਣਾਈ ਗਈ ਟੀਮ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ।