ਫਰੀਡਮ ਫਾਇਟਰ ਦੇ ਵਾਰਿਸਾਂ ਨੇ ਅਮਨ ਅਰੋੜਾ ਦੀ ਕੋਠੀ ਨੇੜੇ ਲਾਇਆ ਧਰਨਾ
ਫਰੀਡਮ ਫਾਇਟਰ ਦੇ ਵਾਰਿਸਾਂ ਨੇ ਅਮਨ ਅਰੋੜਾ ਦੀ ਕੋਠੀ ਨੇੜੇ ਲਾਇਆ ਧਰਨਾ
Publish Date: Thu, 15 Jan 2026 06:14 PM (IST)
Updated Date: Fri, 16 Jan 2026 04:07 AM (IST)

ਅਮਨ ਅਰੋੜਾ ਨੇ ਆਗੁਆਂ ਨੂੰ ਬੁਲਾ ਕੇ ਦੋ ਦਿਨ ਦਾ ਮੰਗਿਆ ਸਮਾਂ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਫਰੀਡਮ ਫਾਇਟਰ ਉਤਰਾਧਿਕਾਰੀ ਸੰਸਥਾ ਪੰਜਾਬ ਵੱਲੋਂ ਹੱਕੀ ਮੰਗਾਂ ਅਤੇ ਸਨਮਾਨ ਬਹਾਲ ਕਰਵਾਉਣ ਲਈ ਆਮ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਨਜ਼ਦੀਕ ਧਰਨਾ ਲਾ ਕੇ ਆਪਣਾ ਰੋਸ ਪ੍ਰਗਟਾਇਆ। ਪ੍ਰਦਰਸ਼ਨ ਵਿੱਚ ਸੂਬੇ ਭਰ ਤੋਂ ਸੰਸਥਾ ਦੇ ਅਹੁਦੇਦਾਰ ਵੱਡੀ ਗਿਣਤੀ ਪੁੱਜੇ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਹਰਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਦੇਸ਼ ਆਜ਼ਾਦ ਹੋਇਆ 78 ਸਾਲ ਦੇ ਕਰੀਬ ਸਮਾਂ ਹੋ ਗਿਆ ਹੈ ਪਰ ਅੱਜ ਵੀ ਆਜ਼ਾਦੀ ਘੁਲਾਟੀਆ ਪਰਿਵਾਰਾਂ ਨੂੰ ਸਰਕਾਰਾਂ ਵੱਲੋਂ ਅਣਗੌਲਿਆਂ ਕੀਤਾ ਜਾਂਦਾ ਹੈ। ਚਾਰ ਸਾਲ ਬੀਤਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਇਕ ਵਾਰ ਵੀ ਮੀਟਿੰਗ ਨਹੀਂ ਕੀਤੀ। ਲਿਖਤੀ ਤੌਰ ’ਤੇ ਮੀਟਿੰਗ ਦਾ ਸਮਾਂ ਦੇਣ ਦੇ ਬਾਵਜੂਦ ਨਹੀਂ ਮਿਲਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਫਰੀਡਮ ਫਾਈਟਰਾਂ ਤੇ ਉੱਤਰਾਧਿਕਾਰੀਆਂ ਦੀ ਭਲਾਈ ਲਈ ਫਰੀਡਮ ਫਾਈਟਰ ਫੈਮਿਲੀ ਵੈੱਲਫੇਅਰ ਬੋਰਡ ਬਣਾਇਆ ਜਾਵੇ ਅਤੇ ਉਸ ਦਾ ਚੇਅਰਮੈਨ ਫਰੀਡਮ ਫਾਈਟਰ ਪਰਿਵਾਰਾਂ ਵਿੱਚੋਂ ਹੀ ਲਾਇਆ ਜਾਵੇ। ਉਤਰਾਖੰਡ ਸਰਕਾਰ ਦੀ ਤਰਜ ਤੇ ਫਰੀਡਮ ਫਾਈਟਰਜ ਦੇ ਵਾਰਿਸਾਂ ਦੀ ਸਨਮਾਨ ਪੈਨਸ਼ਨ ਲਾਈ ਜਾਵੇ। ਸੁਤੰਤਰਤਾ ਸੰਗਰਾਮੀ ਤੇ ਵਾਰਸ ਪੁੱਤਰ-ਧੀ, ਪੋਤਰਾ-ਪੋਤਰੀ, ਦੋਹਤਾ-ਦੋਹਤੀ ਨੂੰ ਕੈਸ਼ ਲੈਸ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਜਾਵੇ। ਫਰੀਡਮ ਫਾਈਟਰਾਂ ਦੀਆਂ ਅਗਲੀਆਂ ਪੀੜੀਆਂ ਨੂੰ ਵਾਰਿਸਾਂ ਨੂੰ ਮਿਲਣ ਵਾਲੀਆ ਸਹੂਲਤਾਂ ’ਚ ਸ਼ਾਮਲ ਕੀਤਾ ਜਾਵੇ। ਫਰੀਡਮ ਫਾਈਟਰ 18 ਸਾਲ ਦੇ ਬੇਰੁਜ਼ਗਾਰ ਬੱਚਿਆਂ ਨੂੰ 10,000/- ਰੁਪੈ ਸਨਮਾਨ ਭੱਤਾ ਦਿੱਤਾ ਜਾਵੇ। ਬਿਜਲੀ ਬਿੱਲ ਬਿਨਾਂ ਸ਼ਰਤ ਮੁਆਫ ਕੀਤਾ ਜਾਵੇ। ਖੇਤੀਬਾੜੀ ਲਈ ਟਿਊਬਵੈੱਲ ਕੁਨੈਕਸ਼ਨ ਪੋਤਰੇ, ਪੋਤਰੀਆਂ, ਦੋਹਤੇ ਦੋਹਤੀਆਂ ਨੂੰ ਪਹਿਲ ਦੇ ਆਧਾਰ ’ਤੇ ਦਿੱਤਾ ਜਾਵੇ। ਇਸ ਲਈ ਬੇਲੋੜੀਆਂ ਸ਼ਰਤਾਂ ਖ਼ਤਮ ਕੀਤੀਆਂ ਜਾਣ। ਵਾਰਿਸ ਨੂੰ ਪ੍ਰੋਪਰਟੀ ਟੈਕਸ, ਸੀਵਰੇਜ ਬਿੱਲ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੁਆਫ ਕੀਤੇ ਜਾਣ। ਪੁੱਡਾ, ਗਮਾਂਡਾ ਅਤੇ ਗਲਾਟਾ ਆਦਿ ਦੇ ਪਲਾਟਾਂ ਦੇ ਕੋਟੇ ਨੂੰ ਫਰੀਡਮ ਫਾਈਟਰਾਂ ਤੋਂ ਅੱਗੇ ਫਰੀਡਮ ਫਾਈਟਰਾਂ ਦੇ ਵਾਰਿਸਾਂ ਨੂੰ ਵੀ ਕੀਤਾ ਜਾਵੇ। ਸਰਕਾਰੀ ਸਕੂਲਾਂ ਤੇ ਸਰਕਾਰੀ ਹਸਪਤਾਲਾਂ ਦੇ ਨਾਮ ਸਰਕਾਰੀ ਤੌਰ ’ਤੇ ਫਰੀਡਮ ਫਾਈਟਰਾਂ ਦੇ ਨਾਮ ’ਤੇ ਰੱਖੇ ਜਾਣ। ਸੰਸਥਾ ਦੇ ਸੁਬਾ ਪ੍ਰਧਾਨ ਚਤਿੰਨ ਸਿੰਘ ਮਾਨਸਾ ਨੇ ਦੱਸਿਆ ਕਿ ਅਣਗੌਲਿਆਂ ਕਰਨ ਕਾਰਨ ਸਾਨੂੰ ਇਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰੇ ਧਰਨੇ ਦੀ ਸੂਹ ਮਿਲਣ ਉਪਰੰਤ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਸਥਾ ਦੇ ਆਗੂਆਂ ਨਾਲ ਮੀਟਿੰਗ ਕਰਕੇ ਦੋ ਦਿਨ ਦਾ ਸਮਾਂ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਧਰਨਾ ਉਦੋ ਤੱਕ ਜਾਰੀ ਰਹੇਗਾ ਜਦੋ ਤੱਕ ਮੁੱਖ ਮੰਤਰੀ ਮੀਟਿੰਗ ਕਰਕੇ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਦਿੰਦੇ। ਸੰਸਥਾਂ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਧਰਨਾਂ ਰੋਜ਼ਾਨਾ 11 ਵਜੇ ਤੋਂ 3 ਵਜੇ ਤੱਕ ਚੱਲਿਆ ਕਰੇਗਾ ਅਤੇ ਰੋਜ਼ਾਨਾ 20 ਤੋਂ 25 ਮੈਂਬਰ ਧਰਨੇ ਵਿੱਚ ਬੈਠਣਗੇ। ਇਸ ਮੌਕੇ ਬਰਨਾਲਾ ਦੇ ਪ੍ਰਧਾਨ ਮਲਕੀਤ ਸਿੰਘ, ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਧਨੇਠਾ ਨੇ ਦੱਸਿਆ ਕਿ 19 ਜਨਵਰੀ ਨੂੰ ਸੇਵਾ ਸਿੰਘ ਠੀਕਰੀ ਵਾਲੇ ਦਾ ਜਨਮ ਦਿਹਾੜਾ ਅਤੇ 23 ਜਨਵਰੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ ਇਸੇ ਧਰਨੇ ਵਾਲੀ ਥਾਂ ਤੇ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ 23 ਜਨਵਰੀ ਤੱਕ ਮੰਗਾ ਨਾ ਮੰਨੀਆਂ ਤਾਂ 26 ਜਨਵਰੀ ਨੂੰ ਦਿੱਤਾ ਜਾਂਦਾ ਸਨਮਾਨ ਵਾਪਸ ਕੀਤਾ ਜਾਵੇਗਾ ਅਤੇ ਅਗਲੇ ਸੰਘਰਸ਼ ਦੀ ਰੁਪ ਰੇਖਾ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਆਲ ਇੰਡੀਆ ਕਮੇਟੀ ਮੈਂਬਰ ਅਜੀਤਪਾਲ ਪਾਲੀ, ਗੁਰਇੰਦਰਪਾਲ ਸਿੰਘ, ਜੋਗਿੰਦਰ ਸਿੰਘ ਢੱਡਰੀਆਂ, ਸਵਰਨਜੀਤ ਸਿੰਘ ਸੁਨਾਮ ਮੌਜੂਦ ਸਨ।