ਲੜਕੀਆਂ ਦੇ ਸਕੂਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ
ਲੜਕੀਆਂ ਦੇ ਸਕੂਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ
Publish Date: Fri, 27 Mar 2026 04:44 PM (IST)
Updated Date: Sat, 28 Mar 2026 04:03 AM (IST)

20.16 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ ਇਮਾਰਤ : ਗੋਇਲ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਲਹਿਰਾਗਾਗਾ ਦੀ 20.16 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖ ਕੇ ਇਸ ਮਹੱਤਵਪੂਰਨ ਪ੍ਰੋਜੈਕਟ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਸਰਕਾਰੀ ਸਕੂਲਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕਰਨਾ ਸਰਕਾਰ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਇਮਾਰਤ ਦੇ ਤਿਆਰ ਹੋਣ ਨਾਲ ਵਿਦਿਆਰਥਣਾਂ ਨੂੰ ਸੁਰੱਖਿਅਤ ਅਤੇ ਪ੍ਰੇਰਣਾਦਾਇਕ ਪੜ੍ਹਾਈ ਦਾ ਮਾਹੌਲ ਪ੍ਰਾਪਤ ਹੋਵੇਗਾ, ਜੋ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਹੋਰ ਦੱਸਿਆ ਕਿ ਪਹਿਲਾਂ ਇਸ ਸਕੂਲ ਦੀ ਥਾਂ ਬਹੁਤ ਘੱਟ ਸੀ ਅਤੇ ਮੌਜੂਦਾ ਇਮਾਰਤ ਦੇ ਕਈ ਹਿੱਸੇ ਅਸੁਰੱਖਿਅਤ ਐਲਾਨੇ ਗਏ ਸਨ, ਜਿਸ ਨਾਲ ਵਿਦਿਆਰਥਣਾਂ ਅਤੇ ਸਟਾਫ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਸਕੂਲ ਦੀ ਨਵੀਂ ਇਮਾਰਤ ਨੂੰ ਅਤਿ ਆਧੁਨਿਕ ਡਿਜ਼ਾਇਨ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵੱਡੇ ਕਲਾਸਰੂਮ, ਵਧੀਆ ਹਵਾ ਅਤੇ ਰੋਸ਼ਨੀ ਦੀ ਵਿਵਸਥਾ, ਭੂਚਾਲ ਰੋਧਕ ਢਾਂਚਾ ਅਤੇ ਵਿਦਿਆਰਥੀਆਂ ਪੱਖੀ ਵਾਤਾਵਰਣ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਵਿਸ਼ਵਾਸ ਜਤਾਇਆ ਕਿ ਕਰੀਬ 7-8 ਮਹੀਨਿਆਂ ਦੇ ਅੰਦਰ ਇਹ ਪ੍ਰੋਜੈਕਟ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਲਾਕੇ ਨੂੰ ਇੱਕ ਮਾਡਲ ਸਕੂਲ ਮਿਲੇਗਾ।ਉਨ੍ਹਾਂ ਹੋਰ ਦੱਸਿਆ ਕਿ ਨਵੀਂ ਇਮਾਰਤ ਦੇ ਤਿਆਰ ਹੋਣ ਉਪਰੰਤ ਇਸ ਸਕੂਲ ਵਿੱਚ ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਧਾਰਾਵਾਂ ਦੀ ਪੜ੍ਹਾਈ ਵੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਹੇਠ ਵਿਗਿਆਨ ਅਤੇ ਕੰਪਿਊਟਰ ਲੈਬਾਰਟਰੀਆਂ, ਆਧੁਨਿਕ ਲਾਇਬ੍ਰੇਰੀ, ਸਮਾਰਟ ਕਲਾਸਰੂਮ, ਖੇਡਾਂ ਲਈ ਸੁਵਿਧਾਵਾਂ ਅਤੇ ਸਾਫ਼-ਸੁਥਰੇ ਸੈਨੀਟੇਸ਼ਨ ਪ੍ਰਬੰਧਾਂ ਸਮੇਤ ਹਰ ਪੱਖ ਤੋਂ ਸਕੂਲ ਨੂੰ ਅੱਪਗ੍ਰੇਡ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਪ੍ਰਿੰਸੀਪਲ ਕਾਂਤਾ ਗੋਇਲ, ਓਐਸਡੀ ਰਾਕੇਸ਼ ਕੁਮਾਰ ਗੁਪਤਾ, ਆੜਤੀ ਐਸੋਸੀਏਸ਼ਨ ਦੇ ਸੂਬਾ ਵਾਈਸ ਪ੍ਰਧਾਨ ਜੀਵਨ ਕੁਮਾਰ ਰੱਬੜ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾ,ਐੱਸਡੀਐਮ ਰਾਕੇਸ਼ ਪ੍ਰਕਾਸ਼ ਗਰਗ, ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਮੈਡਮ ਤਰਵਿੰਦਰ ਕੌਰ, ਡੀਐਸਪੀ ਲਹਿਰਾ ਰਣਬੀਰ ਸਿੰਘ, ਅਰੁਣ ਗਰਗ ਬਲਾਕ ਨੋਡਲ ਅਫਸਰ ਮੂਨਕ, ਦਿਲਦੀਪ ਕੌਰ ਬਲਾਕ ਨੋਡਲ ਅਫਸਰ ਲਹਿਰਾ, ਗਰਲਜ ਸਕੂਲ ਦੇ ਪ੍ਰਿੰਸੀਪਲ ਰੋਸ਼ਨ ਲਾਲ, ਚਿਤਵੇਸ ਕੁਮਾਰ ਪ੍ਰਿੰਸੀਪਲ ਬੁਆਏ ਸਕੂਲ, ਟਰੇਡ ਯੂਨੀਅਨ ਦੇ ਚੇਅਰਮੈਨ ਪ੍ਰਿੰਸ ਗਰਗ ਮੌਜੂਦ ਸਨ।