ਬਣਵਾਲਾ 'ਚ ਪਹਿਲਾ ਲੜਕੀਆਂ ਦਾ ਫੁੱਟਬਾਲ ਟੂਰਨਾਮੈਂਟ ਕਰਵਾਇਆ
ਬਣਵਾਲਾ 'ਚ ਪਹਿਲਾ ਲੜਕੀਆਂ ਦਾ ਫੁਟਬਾਲ ਟੂਰਨਾਮੈਂਟ ਕਰਵਾਇਆ
Publish Date: Sat, 11 Apr 2026 06:15 PM (IST)
Updated Date: Sat, 11 Apr 2026 06:17 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਖੇਡਾਂ ਦੇ ਖੇਤਰ ਵਿਚ ਇਲਾਕੇ ਅੰਦਰ ਵੱਡੀਆਂ ਮੱਲਾਂ ਮਾਰਨ ਵਾਲੇ ਪਿੰਡ ਬਣਵਾਲਾ ਦੇ ਫੁੱਟਬਾਲ ਕਲੱਬ ਵੱਲੋਂ ਪਹਿਲਾ ਲੜਕੀਆਂ ਦਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਸਰਪੰਚ ਬੂਟਾ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜੁਗਰਾਜ ਸਿੰਘ ਨਰੈਣ ਨੇ ਕੀਤਾ। ਮੁੱਖ ਮਹਿਮਾਨ ਵਜੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮਹਿਲਾ ਆਗੂ ਚਰਨਜੀਤ ਕੌਰ ਧੂੜੀਆ ਨੇ ਸ਼ਿਰਕਤ ਕੀਤੀ, ਜਦੋਂਕਿ ਵਿਸ਼ੇਸ਼ ਮਹਿਮਾਨਾਂ ਵਜੋਂ ਪੰਜਾਬੀ ਗਾਇਕ ਰਿਆਜ ਬੰਗਾਂ, ਚਰਨਜੀਤ ਸਿੰਘ ਫੌਜੀ, ਵਰਿੰਦਰ ਸੰਧੂ ਅਤੇ ਮਨਪ੍ਰੀਤ ਧੂਹੜ ਸ਼ਾਮਲ ਹੋਏ। ਜਾਣਕਾਰੀ ਦਿੰਦਿਆਂ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਗੋਪੀ, ਗੁਰਜੀਤ ਸਿੰਘ ਅਤੇ ਅਥਲੈਟਿਕਸ ਕੋਚ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਬਣਵਾਲਾ ਦੇ ਖੇਡ ਮੈਦਾਨ ’ਚ ਲੜਕੀਆਂ ਦੀ ਫੁੱਟਬਾਲ ਦੀ ਟੀਮ ਵੱਲੋਂ ਖੇਡਿਆ ਜਾਂਦਾ ਹੈ ਅਤੇ ਇਸ ਖੇਡ ਮੈਦਾਨ ਵਿਚ ਖੇਡ ਕੇ ਬਹੁਤ ਸਾਰੀਆਂ ਲੜਕੀਆਂ ਨੇ ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲਿਆਂ ਵਿਚ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਲੜਕੀਆਂ ਦੀ ਸਮਰਪਣ ਭਾਵਨਾ ਨੂੰ ਦੇਖਦਿਆਂ ਤੇ ਖੇਡਾਂ ਦੇ ਖੇਤਰ ਵਿਚ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਟਿਆਲਾ ਜ਼ਿਲ੍ਹੇ ’ਚ ਪਹਿਲੀ ਵਾਰ ਲੜਕੀਆਂ ਦਾ ਫੁੱਟਬਾਲ ਟੂਰਨਾਮੈਂਟ ਕਰਵਾਉਣ ਦਾ ਸੁਭਾਗ ਪਿੰਡ ਬਣਵਾਲਾ ਨੂੰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕੋਚ ਇੰਦਰਜੀਤ ਸਿੰਘ, ਖੇਡ ਕੋਚ ਕੁਲਵਿੰਦਰ ਸਿੰਘ ਪੰਨੂ ਦੀ ਦੇਖਰੇਖ ਹੇਠ ਹੋਏ ਇਸ ਟੂਰਨਾਮੈਂਟ ਦੌਰਾਨ ਅੰਡਰ 17 ਸਾਲਾ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲੜਕੀਆਂ ਦੀਆਂ ਦਸ ਟੀਮਾਂ ਨੇ ਹਿੱਸਾ ਲਿਆ। ਜਿਨ੍ਹਾਂ ਦਰਮਿਆਨ ਹੋਏ ਫਸਵੇ ਮੁਕਾਬਲਿਆਂ ਦੌਰਾਨ ਹਰਿਆਣਾ ਦੇ ਪਿੰਡ ਮਾਨਸ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਬਣਵਾਲਾ ਦੀ ਲੜਕੀਆਂ ਦੀ ਟੀਮ ਦੂਜੇ ਸਥਾਨ ਉੱਤੇ ਰਹੀ। ਜੇਤੂ ਟੀਮਾਂ ਨੂੰ ਟਰਾਫੀਆਂ ਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਹਰ ਸਾਲ ਜੋਨ ਪੱਧਰੀ ਖੇਡਾਂ ਪਿੰਡ ਬਣਵਾਲਾ ਦੇ ਖੇਡ ਮੈਦਾਨ ਵਿਚ ਹੁੰਦੀਆਂ ਹਨ, ਖੇਡਣ ਆਏ ਖਿਡਾਰੀਆਂ ਬੈਠਣ ਤੇ ਬਾਥਰੂਮ ਦੀ ਸਹੂਲਤ ਨਾ ਹੋਣ ਕਰਕੇ ਭਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਖੇਡ ਮੈਦਾਨ ਲਈ ਵਿਸ਼ੇਸ਼ ਗਾਰਾਂਟ ਦਿੱਤੀ ਜਾਵੇ।