ਡਿਸਪੈਂਸਰੀ ਦੇ ਨਵੇਂ ਪਾਏ ਲੈਂਟਰ ਤੇ ਪੈਚ ਲਾਕੇ ਕੀਤੀ ਖਾਨਾਪੂਰਤੀ
ਡਿਸਪੈਂਸਰੀ ਦੇ ਨਵੇਂ ਪਾਏ ਲੈਂਟਰ ਤੇ ਪੈਚ ਲਾਕੇ ਕੀਤੀ ਖਾਨਾਪੂਰਤੀ
Publish Date: Tue, 07 Apr 2026 04:34 PM (IST)
Updated Date: Wed, 08 Apr 2026 03:59 AM (IST)

ਹਫਤੇ ’ਚ ਜਾਂਚ ਨਾਂ ਹੋਈ ਤਾਂ ਘੇਰਾਂਗੇ ਪੰਚਾਇਤੀ ਰਾਜ ਵਿਭਾਗ ਦਾ ਦਫ਼ਤਰ : ਜਲੂਰ ਸ਼ੰਭੂ ਗੋਇਲ ,ਪੰਜਾਬੀ ਜਾਗਰਣ, ਲਹਿਰਾਗਾਗਾ : ਨੇੜਲੇ ਪਿੰਡ ਜਲੂਰ ਵਿਖੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਰਾਜ ਵਿਭਾਗ ਰਾਹੀਂ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਸਿਹਤ ਡਿਸਪੈਂਸਰੀ ਦੀ ਉਸਾਰੀ ਵਿੱਚ ਘਟੀਆ ਮਟੀਰੀਅਲ ਵਰਤਣ ਅਤੇ ਭਾਰੀ ਲਾਪਰਵਾਹੀ ਕਰਨ ਦੇ ਦੋਸ਼ ਸਾਹਮਣੇ ਆਏ ਹਨ। ਇਸ ਸਬੰਧੀ ਬੀਕੇਯੂ ਏਕਤਾ ਸਿੱਧੂਪੁਰ ਦੇ ਆਗੂ ਰਾਮਫਲ ਸਿੰਘ ਜਲੂਰ ਦੀ ਅਗਵਾਈ ਹੇਠ ਇਕੱਠੇ ਹੋਏ ਪਿੰਡ ਵਾਸੀਆਂ ਨੇ ਗੰਭੀਰ ਇਲਜ਼ਾਮ ਲਗਾਏ ਹਨ। ਪਿੰਡ ਵਾਸੀਆਂ ਮੁਤਾਬਕ ਪੁਰਾਣੀ ਡਿਸਪੈਂਸਰੀ ਦੀ ਇਮਾਰਤ ਕੰਡਮ ਹੋਣ ਤੋਂ ਬਾਅਦ ਨਵੀਂ ਇਮਾਰਤ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਪਰ ਇਸ ਦੌਰਾਨ ਗੰਭੀਰ ਗੜਬੜਾਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 10 ਵਜੇ ਤੱਕ ਲੈਂਟਰ ਪਾਇਆ ਗਿਆ, ਜਦੋਂਕਿ ਦਿਨ ਦੌਰਾਨ ਸਮੱਗਰੀ ਦੀ ਘਾਟ ਕਾਰਨ ਕੰਮ ਰੁਕਿਆ ਰਿਹਾ। ਹਨੇਰੇ ਵਿੱਚ ਕੰਮ ਕਰਨ ਕਾਰਨ ਲੈਂਟਰ ਕਈ ਥਾਵਾਂ ਤੋਂ ਨੀਵਾਂ ਰਹਿ ਗਿਆ, ਜਿਸ ਨੂੰ ਬਾਅਦ ਵਿੱਚ ਪੈਚ ਲਗਾ ਕੇ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਕਮਰਿਆਂ ਦੇ ਅੰਦਰ ਅਤੇ ਬਾਹਰ ਮਲਬੇ ਦੇ ਢੇਰ ਪਏ ਹਨ ਅਤੇ ਲੈਂਟਰ ਦੀ ਮਜ਼ਬੂਤੀ ਲਈ ਛੱਤ ‘ਤੇ ਲਾਜ਼ਮੀ ਪਾਣੀ ਵੀ ਨਹੀਂ ਖੜਾਇਆ ਗਿਆ। 5 ਅਪ੍ਰੈਲ ਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਠੇਕੇਦਾਰ ਵੱਲੋਂ ਜਲਦੀ-ਜਲਦੀ ਮਿੱਟੀ ਪਾ ਕੇ ਵੱਟਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੁਝ ਸਮੇਂ ਬਾਅਦ ਇਹ ਕੰਮ ਵੀ ਰੋਕ ਦਿੱਤਾ ਗਿਆ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ 6 ਅਪ੍ਰੈਲ ਨੂੰ ਲੈਂਟਰ ਦੀ ਪੂਰੀ ਪ੍ਰਕਿਰਿਆ ਤੋਂ ਬਿਨਾਂ ਹੀ ਛੱਤ ‘ਤੇ ਲੁੱਕ ਵੀ ਪਾ ਦਿੱਤੀ ਗਈ। ਆਗੂਆਂ ਨੇ ਕਿਹਾ ਕਿ ਮਾਮਲਾ ਸਾਹਮਣੇ ਆਉਣ ਦੇ ਬਾਵਜੂਦ ਕੋਈ ਵੀ ਉੱਚ ਅਧਿਕਾਰੀ ਮੌਕੇ ‘ਤੇ ਜਾਂਚ ਲਈ ਨਹੀਂ ਪਹੁੰਚਿਆ ਅਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਜਲਦੀ ਸੈਂਪਲਿੰਗ ਕਰਕੇ ਜਾਂਚ ਨਾ ਕੀਤੀ ਗਈ ਅਤੇ ਜਿੰਮੇਵਾਰਾਂ ਖ਼ਿਲਾਫ ਕਾਰਵਾਈ ਨਾ ਹੋਈ ਤਾਂ ਅਗਲੇ ਹਫ਼ਤੇ ਸੰਗਰੂਰ ਸਥਿਤ ਪੰਚਾਇਤੀ ਰਾਜ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਜਾਂਚ ਬਾਅਦ ਹੋਵੇਗੀ ਕਾਰਵਾਈ : ਐਕਸੀਅਨ ਉਕਤ ਮਾਮਲੇ ਪੰਚਾਇਤੀ ਰਾਜ ਦੇ ਐਕਸੀਅਨ ਦਵਿੰਦਰ ਸਿੰਘ ਨੇ ਕਿਹਾ ਕਿ ਲੈਂਟਰ ਤੇ ਇਸ ਤਰ੍ਹਾਂ ਤੀਜੇ ਦਿਨ ਪੈਚ ਨਹੀਂ ਲੱਗਣੇ ਚਾਹੀਦੇ ਸੀ, ਛੱਤ ਤੇ ਪਾਣੀ ਖੜਾਉਣਾ ਵੀ ਜਰੂਰੀ ਹੁੰਦਾ , ਹਨੇਰੇ ਦੇ ਵਿੱਚ ਲੈਂਟਰ ਕਿਉਂ ਪਾਇਆ ਗਿਆ ਇਸ ਦੀ ਜਾਂਚ ਸਬੰਧੀ ਐਸਡੀਓ ਨੂੰ ਪੱਤਰ ਜਾਰੀ ਕਰਕੇ ਰਿਪੋਰਟ ਮੰਗੀ ਗਈ ਹੈ ਤੇ ਉਹ ਖੁਦ ਵੀ ਮੌਕੇ ਤੇ ਪਹੁੰਚ ਕੇ ਜਾਂਚ ਕਰਨਗੇ । ਉਨਾਂ ਕਿਹਾ ਕਿ ਠੇਕੇਦਾਰ ਦੀ ਪੇਮੈਂਟ ਰੋਕ ਦਿੱਤੀ ਗਈ ਹੈ ਤੇ ਚੰਗੀ ਤਰ੍ਹਾਂ ਜਾਂਚ ਕਰਕੇ ਠੇਕੇਦਾਰ ਤੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਮੌਕੇ ਗੁਰਦੀਪ ਸਿੰਘ ਨੰਬਰਦਾਰ, ਜਗਤਾਰ ਸਿੰਘ ਤਾਰਾ, ਦਰਸਨ ਸਿੰਘ, ਬਲਵਿੰਦਰ ਸਿੰਘ, ਜੀਤ ਸਿੰਘ ਸਾਬਕਾ ਪੰਚ ਸਮੇਤ ਹੋਰ ਹਾਜ਼ਰ ਸਨ।