ਸ਼ੰਭੂ ਫਲਾਈਓਵਰ ’ਤੇ 14 ਸਾਲ ਬਾਅਦ ਵੀ ਨਹੀਂ ਜਗੀਆਂ ਸੋਡੀਅਮ ਲਾਈਟਾਂ
ਸੰਭੂ ਫਲਾਈਓਵਰ ਤੇ 14 ਸਾਲ ਬਾਅਦ ਵੀ ਨਹੀਂ ਜਗੀਆਂ ਸੋਡੀਅਮ ਲਾਈਟਾਂ, ਰਾਤ ਸਮੇਂ ਹਾਦਸਿਆਂ ਦਾ ਬਣਿਆ ਰਹਿੰਦਾ ਹੈ ਖਤਰਾ
Publish Date: Sun, 07 Jun 2026 05:16 PM (IST)
Updated Date: Sun, 07 Jun 2026 05:17 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ’ਤੇ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਸ਼ੰਭੂ-ਘਨੌਰ ਸੜਕ ਤੇ ਕਰੀਬ 17 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਫਲਾਈਓਵਰ ਅੱਜਕੱਲ੍ਹ ਲੋਕਾਂ ਲਈ ਸਹੂਲਤ ਤੋਂ ਵੱਧ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕਾਂ ਨੂੰ ਰੇਲਵੇ ਫਾਟਕ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਤਿਆਰ ਕੀਤੇ ਗਏ ਇਸ ਪ੍ਰਾਜੈਕਟ ਤੇ ਰਾਤ ਦੇ ਸਮੇਂ ਪੂਰਾ ਹਨੇਰਾ ਛਾਇਆ ਰਹਿੰਦਾ ਹੈ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਆਪਣੀ ਜਾਨ ਜੋਖਮ ਵਿਚ ਪਾ ਕੇ ਸਫ਼ਰ ਕਰਨਾ ਪੈਂਦਾ ਹੈ। ਜਾਣਕਾਰੀ ਅਨੁਸਾਰ ਸ਼ੰਭੂ ਬੱਸ ਸਟੈਂਡ ਤੋਂ ਪਟਿਆਲਾ-ਘਨੌਰ ਮਾਰਗ ਉੱਤੇ ਸਥਿਤ ਰੇਲਵੇ ਫਾਟਕ ਤੇ ਲਗਾਤਾਰ ਵਧ ਰਹੀ ਆਵਾਜਾਈ ਅਤੇ ਲੰਬੇ ਜਾਮਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਲੋਕ ਨਿਰਮਾਣ ਵਿਭਾਗ ਅਤੇ ਰੇਲਵੇ ਵਿਭਾਗ ਦੇ ਸਾਂਝੇ ਉਪਰਾਲੇ ਨਾਲ ਕਰੀਬ 850 ਮੀਟਰ ਲੰਮੇ ਫਲਾਈਓਵਰ ਦੀ ਉਸਾਰੀ ਕੀਤੀ ਗਈ ਸੀ। ਇਸ ਪ੍ਰਾਜੈਕਟ ਤੇ ਲਗਭਗ 17 ਕਰੋੜ ਰੁਪਏ ਖਰਚ ਕੀਤੇ ਗਏ ਅਤੇ 6 ਅਗਸਤ 2012 ਨੂੰ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਦਾ ਰਸਮੀ ਉਦਘਾਟਨ ਵੀ ਕੀਤਾ ਗਿਆ ਸੀ। ਫਲਾਈਓਵਰ ਦੀ ਉਸਾਰੀ ਦੌਰਾਨ ਲੋਕਾਂ ਦੀ ਸੁਰੱਖਿਆ ਅਤੇ ਰਾਤ ਸਮੇਂ ਬਿਹਤਰ ਆਵਾਜਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਵੇਂ ਪਾਸਿਆਂ ਕਰੀਬ ਪੰਜ ਦਰਜਨ ਸੋਡੀਅਮ ਲਾਈਟਾਂ ਲਗਾਈਆਂ ਗਈਆਂ ਸਨ। ਇਨ੍ਹਾਂ ਲਾਈਟਾਂ ਤੇ ਲੱਖਾਂ ਰੁਪਏ ਖਰਚ ਕੀਤੇ ਗਏ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਦਘਾਟਨ ਤੋਂ ਬਾਅਦ ਅੱਜ ਤੱਕ ਇਨ੍ਹਾਂ ਨੂੰ ਬਿਜਲੀ ਕਨੈਕਸ਼ਨ ਨਹੀਂ ਦਿੱਤਾ ਗਿਆ। ਨਤੀਜੇ ਵਜੋਂ ਸਾਰਾ ਫਲਾਈਓਵਰ ਰਾਤ ਦੇ ਸਮੇਂ ਹਨੇਰੇ ਵਿੱਚ ਡੁੱਬਿਆ ਰਹਿੰਦਾ ਹੈ। ਰਾਤ ਸਮੇਂ ਲਗਭਗ ਪੌਣਾ ਕਿਲੋਮੀਟਰ ਲੰਮੇ ਇਸ ਫਲਾਈਓਵਰ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਸਾਹਮਣੇ ਆ ਰਹੇ ਵਾਹਨਾਂ ਜਾਂ ਸੜਕ ਦੀ ਸਥਿਤੀ ਦਾ ਸਹੀ ਅੰਦਾਜ਼ਾ ਨਹੀਂ ਲੱਗਦਾ। ਬਰਸਾਤ ਜਾਂ ਧੁੰਦ ਦੇ ਮੌਸਮ ਦੌਰਾਨ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਰਾਤ ਵੇਲੇ ਫਲਾਈਓਵਰ ਤੋਂ ਲੰਘਦਿਆਂ ਕਿਸੇ ਸੁੰਨਸਾਨ ਜੰਗਲੀ ਰਸਤੇ ਦਾ ਅਹਿਸਾਸ ਹੁੰਦਾ ਹੈ ਅਤੇ ਹਰ ਸਮੇਂ ਕਿਸੇ ਵੱਡੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਵਿਕਾਸ ਕਾਰਜਾਂ ਤੇ ਕਰੋੜਾਂ ਰੁਪਏ ਖਰਚ ਕਰਨ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਜੇਕਰ ਮੁੱਢਲੀਆਂ ਸਹੂਲਤਾਂ ਹੀ ਮੁਹੱਈਆ ਨਾ ਕਰਵਾਈਆਂ ਜਾਣ ਤਾਂ ਅਜਿਹੇ ਪ੍ਰਾਜੈਕਟਾਂ ਦਾ ਮਕਸਦ ਅਧੂਰਾ ਰਹਿ ਜਾਂਦਾ ਹੈ। ਲੋਕਾਂ ਨੇ ਸਵਾਲ ਉਠਾਇਆ ਹੈ ਕਿ ਜਦੋਂ ਫਲਾਈਓਵਰ ਤੇ ਲਾਈਟਾਂ ਲਗਾਈਆਂ ਹੀ ਗਈਆਂ ਸਨ ਤਾਂ ਉਨ੍ਹਾਂ ਨੂੰ ਚਾਲੂ ਕਰਨ ਲਈ ਬਿਜਲੀ ਕਨੈਕਸ਼ਨ ਕਿਉਂ ਨਹੀਂ ਦਿੱਤਾ ਗਿਆ। ਇਲਾਕੇ ਦੇ ਪ੍ਰਮੁੱਖ ਵਿਅਕਤੀਆਂ, ਜਿਨ੍ਹਾਂ ਵਿਚ ਪਿੰਡ ਮਰਦਾਂਪੁਰ ਦੇ ਪੰਚ ਸੁਖਚੈਨ ਸਿੰਘ ਅਤੇ ਸਾਬਕਾ ਸਰਪੰਚ ਸੁਰਜੀਤ ਸਿੰਘ,ਕਾਮਰੇਡ ਧਰਮਪਾਲ ਸਿੰਘ ਸੀਲ,ਪਵਨ ਕੁਮਾਰ ਸੋਗਲਪੁਰ,ਕਿਸਾਨ ਆਗੂ ਹਜੂਰਾ ਸਿੰਘ ਮਿਰਜਾਂਪੁਰ ਸ਼ਾਮਲ ਹਨ, ਨੇ ਦੱਸਿਆ ਕਿ ਉਹ ਕਈ ਵਾਰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਕੋਲ ਇਹ ਮਸਲਾ ਉਠਾ ਚੁੱਕੇ ਹਨ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਲਾਈਟਾਂ ਬੰਦ ਪਈਆਂ ਰਹਿਣ ਕਾਰਨ ਹੁਣ ਉਨ੍ਹਾਂ ਨੂੰ ਜੰਗਾਲ ਵੀ ਲੱਗਣਾ ਸ਼ੁਰੂ ਹੋ ਗਿਆ ਹੈ। ਇਲਾਕਾ ਵਾਸੀਆਂ ਨੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਫਲਾਈਓਵਰ ਉੱਤੇ ਲਗੀਆਂ ਸੋਡੀਅਮ ਲਾਈਟਾਂ ਨੂੰ ਤੁਰੰਤ ਬਿਜਲੀ ਕਨੈਕਸ਼ਨ ਦੇ ਕੇ ਚਾਲੂ ਕੀਤਾ ਜਾਵੇ, ਤਾਂ ਜੋ ਰਾਤ ਸਮੇਂ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਸੁਰੱਖਿਅਤ ਸਫ਼ਰ ਦੀ ਸਹੂਲਤ ਮਿਲ ਸਕੇ ਅਤੇ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ। ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਈਂ ਵਾਰ ਸੰਪਰਕ ਕਰਨ ਤੇ ਵੀ ਕਿਸੇ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ।