ਓਟ ਸੈਂਟਰ ਚੋ ਗੋਲੀਆਂ ਚੋਰੀ ਕਰਨ ਵਾਲੇ ਪੰਜ ਕਾਬੂ
ਓਟ ਸੈਂਟਰ ਚੋ ਗੋਲੀਆਂ ਚੋਰੀ ਕਰਨ ਵਾਲੇ ਪੰਜ ਕਾਬੂ
Publish Date: Fri, 06 Mar 2026 04:50 PM (IST)
Updated Date: Sat, 07 Mar 2026 04:03 AM (IST)

18,560 ਗੋਲੀਆਂ, 1 ਕੰਪਿਊਟਰ ਸਿਸਟਮ ਅਤੇ 1 ਮੋਟਰਸਾਈਕਲ ਬਰਾਮਦ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਸਰਕਾਰੀ ਹਸਪਤਾਲ ਧੂਰੀ ਦੇ ਓਟ ਸੈਂਟਰ ਵਿਚ ਹੋਈ ਚੋਰੀ ਦੇ ਕੇਸ ਨੂੰ ਟਰੇਸ ਕਰਦਿਆਂ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਕੀਤੀਆਂ ਗਈਆਂ 18,560 ਗੋਲ਼ੀਆਂ, 1 ਕੰਪਿਊਟਰ ਸਿਸਟਮ ਤੇ 1 ਮੋਟਰਸਾਈਕਲ ਬਰਾਮਦ ਕੀਤਾ ਹੈ। ਐੱਸਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ 2 ਮਾਰਚ 2026 ਦੀ ਦਰਮਿਆਨੀ ਰਾਤ ਨੂੰ ਧੂਰੀ ਦੇ ਸਰਕਾਰੀ ਹਸਪਤਾਲ ਦੇ ਓਟ ਸੈਂਟਰ ਵਿੱਚੋਂ ਕੁੱਲ ਗੋਲੀਆਂ 20,272 ਅਣ ਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਈਆਂ ਗਈਆਂ ਸਨ। ਜਿਸ ’ਤੇ ਥਾਣਾ ਸਿਟੀ ਧੂਰੀ ਵਿਚ ਨਾਮਾਲੂਮ ਵਿਅਕਤੀਆ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਮੁਕੱਦਮਾ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਵਰਿੰਦਰ ਸਿੰਘ ਉਰਫ ਬੰਟੀ ਵਾਸੀ ਧਰਮਪੁਰਾ ਨੇੜੇ ਸੂਗਰ ਮਿੱਲ ਗੇਟ ਧੂਰੀ, ਅਨੀਸ ਠਾਕੁਰ ਉਰਫ ਈਲੂ ਵਾਸੀ ਵਾਰਡ ਨੰਬਰ 3 ਮੁਹੱਲਾ ਧਰਮਪੁਰਾ ਧੂਰੀ, ਸੋਨੂੰ ਚੋਪੜਾ ਉਰਫ ਡੌਨ ਵਾਸੀ ਮਾਲ ਗੋਦਾਮ ਰੋਡ ਨੇੜੇ ਪੰਚਾਇਤੀ ਗੁਰਦੁਆਰਾ ਧੂਰੀ, ਹਰਦੀਪ ਸਿੰਘ ਉਰਫ ਬਾਬੂ ਵਾਸੀ ਧਰਮਪੁਰਾ ਨੇੜੇ ਸੂਗਰ ਮਿੱਲ ਗੇਟ ਧੂਰੀ ਅਤੇ ਪ੍ਰਵੀਨ ਕੁਮਾਰ ਵਾਸੀ ਮਕਾਨ 469 ਵਾਰਡ ਨੰਬਰ 10-ਬੀ ਪੀਪੇਆ ਵਾਲੀ ਗਲੀ ਧੂਰੀ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਪਾਸੋਂ ਚੋਰੀ ਕੀਤੀਆਂ ਗਈਆਂ 18,560 ਗੋਲੀਆਂ, 01 ਕੰਪਿਊਟਰ ਸਿਸਟਮ ਅਤੇ 01 ਮੋਟਰਸਾਈਕਲ ਬਰਾਮਦ ਕਰਵਾਇਆ ਗਿਆ। ਦੋਸੀਆਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਕਤ ਮੁਲਜ਼ਮਾਂ ਖ਼ਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ।