ਅੱਗ ਲਗਣ ਨਾਲ 18 ਵਿਘੇ ਕਣਕ ਸੜ ਕੇ ਸੁਆਹ
ਪਿੰਡ ਚਲਹੇੜੀ ‘ਚ ਅੱਗ ਲਗਣ ਨਾਲ 18 ਵਿਘੇ ਕਣਕ ਸੜ ਕੇ ਸੁਆਹ
Publish Date: Thu, 16 Apr 2026 05:16 PM (IST)
Updated Date: Fri, 17 Apr 2026 04:07 AM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਪਿੰਡ ਚਲਹੇੜੀ ’ਚ ਅਚਾਨਕ ਲੱਗੀ ਅੱਗ ਨੇ ਕਿਸਾਨਾਂ ਦੀ ਮਹਿਨਤ ਨੂੰ ਕੁਝ ਹੀ ਮਿੰਟਾਂ ਵਿੱਚ ਸੁਆਹ ਕਰ ਦਿੱਤਾ। ਇਸ ਭਿਆਨਕ ਅੱਗ ਕਾਰਨ ਕਰੀਬ 18 ਵਿਘੇ ਕਣਕ ਸੜ ਕੇ ਖਤਮ ਹੋ ਗਈ, ਜਿਸ ਨਾਲ ਪੀੜਤ ਕਿਸਾਨਾਂ ਨੂੰ ਭਾਰੀ ਆਰਥਿਕ ਝਟਕਾ ਲੱਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਫਾਇਰ ਬ੍ਰਿਗੇਡ ਦੇ ਮੌਕੇ ‘ਤੇ ਪਹੁੰਚਣ ਤੱਕ ਜ਼ਿਆਦਾਤਰ ਕਣਕ ਪੂਰੀ ਤਰ੍ਹਾਂ ਸੜ ਚੁੱਕੀ ਸੀ। ਫਾਇਰ ਬ੍ਰਿਗੇਡ ਨੇ ਇੱਕ ਘੰਟੇ ਬਾਅਦ ਪਹੁੰਚ ਕੇ ਕਿੱਕਰ ਦੇ ਦਰੱਖਤ ਨੂੰ ਲੱਗੀ ਅੱਗ ‘ਤੇ ਕਾਬੂ ਪਾਇਆ ਪਰ ਤਦ ਤੱਕ ਫਸਲ ਸੁਆਹ ਹੋ ਚੁੱਕੀ ਸੀ। ਇਸ ਅੱਗ ਵਿੱਚ ਸਭ ਤੋਂ ਵੱਧ ਨੁਕਸਾਨ ਕਿਸਾਨ ਜਸਵਿੰਦਰ ਸਿੰਘ ਦਾ ਹੋਇਆ, ਜਿਸ ਦੀ ਕਰੀਬ 16 ਵਿਘੇ ਕਣਕ ਸੜ ਗਈ। ਜਸਵਿੰਦਰ ਸਿੰਘ ਕੋਲ ਆਪਣੀ ਜਮੀਨ ਨਹੀਂ ਹੈ ਅਤੇ ਉਹ ਇਹ ਜਮੀਨ ਠੇਕੇ ‘ਤੇ ਲੈ ਕੇ ਖੇਤੀ ਕਰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਜਮੀਨ ਦਾ ਠੇਕਾ 10,000 ਰੁਪਏ ਪ੍ਰਤੀ ਵਿਘਾ ਦੇ ਹਿਸਾਬ ਨਾਲ ਹੈ, ਜਿਸ ਕਾਰਨ ਉਸ ‘ਤੇ ਦੋਹਰਾ ਆਰਥਿਕ ਬੋਝ ਪੈ ਗਿਆ ਹੈ। ਇਸ ਤੋਂ ਇਲਾਵਾ ਦੂਜੇ ਕਿਸਾਨ ਨਿਰਮਲ ਸਿੰਘ ਦੀ ਵੀ 2 ਵਿਘੇ ਕਣਕ ਅੱਗ ਦੀ ਭੇਟ ਚੜ੍ਹ ਗਈ। ਪਿੰਡ ਵਾਸੀਆਂ ਨੇ ਹਿੰਮਤ ਅਤੇ ਏਕਤਾ ਦਿਖਾਉਂਦਿਆਂ ਤੁਰੰਤ ਮੌਕੇ ‘ਤੇ ਪਹੁੰਚ ਕੇ ਅੱਗ ਨੂੰ ਹੋਰ ਖੇਤਾਂ ਵਿੱਚ ਫੈਲਣ ਤੋਂ ਰੋਕਿਆ। ਜੇਕਰ ਪਿੰਡ ਵਾਸੀ ਸਮੇਂ ਸਿਰ ਮਦਦ ਲਈ ਨਾ ਪਹੁੰਚਦੇ ਤਾਂ ਇਹ ਅੱਗ ਹੋਰ ਵੱਡੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਸਕਦੀ ਸੀ ਅਤੇ ਨੁਕਸਾਨ ਕਈ ਗੁਣਾ ਵੱਧ ਸਕਦਾ ਸੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਆਪਣਾ ਗੁਜ਼ਾਰਾ ਮੁੜ ਸ਼ੁਰੂ ਕਰ ਸਕਣ।