ਖਨੌਰੀ ਦੀ ਕਬਾੜ ਮਾਰਕੀਟ ’ਚ ਦੁਕਾਨ ਨੂੰ ਲੱਗੀ ਅੱਗ
ਖਨੌਰੀ ਦੀ ਕਬਾੜ ਮਾਰਕੀਟ ’ਚ ਦੁਕਾਨ ਨੂੰ ਲੱਗੀ ਅੱਗ
Publish Date: Sun, 08 Mar 2026 06:03 PM (IST)
Updated Date: Mon, 09 Mar 2026 04:07 AM (IST)

ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਸ਼ਹਿਰ ਦੇ ਵਿਸ਼ਵਕਰਮਾ ਕਬਾੜ ਟਰੱਕ ਮਾਰਕੀਟ ਵਿਚ ਇਕ ਕੰਟੇਨਰ ਵਿਚ ਬਣਾਈ ਦੁਕਾਨ ਅੰਦਰ ਅੱਗ ਲੱਗ ਗਈ। ਦੁਕਾਨਦਾਰ ਤੇ ਸ਼ਹਿਰ ਵਾਸੀ ਮੌਕੇ ’ਤੇ ਪਹੁੰਚ ਗਏ ਤੇ ਅੱਗ ਬੁਝਾਉਣ ਵਿਚ ਜੁਟ ਗਏ। ਹਾਲਾਂਕਿ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਪ੍ਰੰਤੂ ਕਰੀਬ ਢਾਈ-ਤਿੰਨ ਘੰਟੇ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਪੁੱਜੀ, ਪ੍ਰੰਤੂ ਉਦੋਂ ਤੱਕ ਅੱਗ ’ਤੇ ਲੋਕਾਂ ਨੇ ਕਾਬੂ ਪਾ ਲਿਆ ਸੀ। ਪੀੜਤ ਦੁਕਾਨਦਾਰ ਮੱਖਣ ਗੋਇਲ ਨੇ ਦੱਸਿਆ ਕਿ ਉਹ ਸਥਾਨਕ ਵਿਸ਼ਵਕਰਮਾ ਟਰੱਕ ਕਬਾੜ ਮਾਰਕੀਟ ਵਿਚ ਸਪੇਅਰ ਪਾਰਟ ਦਾ ਕੰਮ ਕਰਦਾ ਹੈ। ਉਸ ਨੇ ਇਕ ਕੰਟੇਨਰ ਵਿਚ ਆਪਣਾ ਦਫ਼ਤਰ ਬਣਾਇਆ ਹੋਇਆ ਸੀ। ਐਤਵਾਰ ਸਵੇਰੇ ਜਦੋਂ ਉਹ ਘਰ ਤੋਂ ਦੁਕਾਨ ’ਤੇ ਆਇਆ ਤਾਂ ਉਸਨੇ ਦੇਖਿਆ ਕਿ ਉਸ ਦੀ ਦੁਕਾਨ ’ਚੋਂ ਧੂੰਆਂ ਨਿਕਲ ਰਿਹਾ ਹੈ ਅਤੇ ਉਸ ਨੇ ਤੁਰੰਤ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ’ਤੇ ਵੱਡੀ ਗਿਣਤੀ ਵਿਚ ਮਾਰਕੀਟ ਤੇ ਸ਼ਹਿਰ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਬੁਝਾਉਣ ਵਿਚ ਉਸ ਦੀ ਮਦਦ ਕੀਤੀ। ਪੀੜਤ ਨੇ ਦੱਸਿਆ ਕਿ ਅੱਗ ਲੱਗ ਜਾਣ ਕਾਰਨ ਉਸ ਦਾ ਕਰੀਬ 5 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਪੀੜਤ ਦੁਕਾਨਦਾਰ ਨੇ ਕਿਹਾ ਕਿ ਸ਼ਹਿਰ ਵਿਚ ਆਪਣੀ ਫਾਇਰ ਬ੍ਰਿਗੇਡ ਦੀ ਗੱਡੀ ਹੋਣੀ ਚਾਹੀਦੀ ਹੈ। ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਉਣ ਲਈ ਫੋਨ ਕਰ ਦਿੱਤੇ ਗਏ ਸਨ ਪਰ ਅੱਗ ਬੁਝਾਏ ਜਾਣ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਨਹੀਂ ਪਹੁੰਚੀ। ਜੇਕਰ ਸਮੇਂ ਰਹਿੰਦਿਆਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪੁੱਜ ਜਾਂਦੀ ਤਾਂ ਸ਼ਾਇਦ ਉਸਦਾ ਏਨਾ ਨੁਕਸਾਨ ਨਾ ਹੁੰਦਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਫਾਇਰ ਬ੍ਰਿਗੇਡ ਦੀ ਗੱਡੀ ਜ਼ਰੂਰ ਹੋਣੀ ਚਾਹੀਦੀ ਹੈ।