ਆਖਿਰਕਾਰ ਰੁਸ਼ਨਾਈਆਂ ਸੰਗਰੂਰ ਦੀਆਂ ਸੜਕਾਂ
ਆਖਿਰਕਾਰ ਰੁਸ਼ਨਾਈਆਂ ਸੰਗਰੂਰ ਦੀਆਂ ਸੜਕਾਂ
Publish Date: Sun, 18 Jan 2026 03:32 PM (IST)
Updated Date: Mon, 19 Jan 2026 04:00 AM (IST)

ਪੰਜਾਬੀ ਜਾਗਰਣ ਨੇ ਪ੍ਰਮੁੱਖਤਾ ਨਾਲ ਚੁੱਕਿਆ ਸੀ ਮੁੱਦਾ, ਹੋਇਆ ਅਸਰ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੀ ਪਹਿਚਾਨ ਬਣ ਚੁੱਕੀਆਂ ਹਨੇਰੀਆਂ ਸੜਕਾਂ ਦਾ ਹਨੇਰਾ ਆਖਿਰਕਾਰ ਦੂਰ ਹੋ ਗਿਆ। ਸ਼ਾਮ ਢਲਦਿਆਂ ਹੀ ਜੋ ਸੜਕਾਂ ਹਨੇਰੇ ਵਿੱਚ ਡੁੱਬ ਜਾਂਦੀਆਂ ਸਨ, ਹੁਣ ਇਹ ਸੜਕਾਂ ਇੱਕ ਫੇਰ ਤੋਂ ਰੁਸ਼ਨਾਉਣ ਲੱਗੀਆਂ ਹਨ। ਨਗਰ ਕੌਂਸਲ ਦੀ ਮੁੱਖ ਸੜਕਾਂ ਤੋਂ ਲੈ ਕੇ ਸ਼ਹਿਰ ਦੀਆਂ ਸੜਕਾਂ ਤੇ ਖਰਾਬ ਅਤੇ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਠੀਕ ਕਰਕੇ ਚਾਲੂ ਕਰ ਦਿੱਤਾ ਗਿਆ ਹੈ। ਇਸ ਨਾਲ ਖਾਸ ਕਰਕੇ ਧੁੰਦ ਅਤੇ ਸੰਘਣੇ ਕੋਹਰੇ ਦੇ ਮੌਸਮ ਵਿੱਚ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਿੱਚ ਸਟਰੀਟ ਲਾਈਟਾਂ ਦੀ ਹਾਲਤ ਖਰਾਬ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ । ਸ਼ਾਮ ਹੁੰਦਿਆਂ ਹੀ ਹਨੇਰੇ ਵਿੱਚ ਡੁੱਬੀਆਂ ਸੜਕਾਂ ਜਿੱਥੇ ਸੜਕ ਹਾਦਸਿਆਂ ਨੂੰ ਸੱਦੇ ਦੇ ਰਹੀਆਂ ਸਨ, ਉੱਥੇ ਹੀ ਲੁੱਟਾਂ ਖੋਹਾਂ ਅਤੇ ਅਪਰਾਧਕ ਘਟਨਾਵਾਂ ਹੋਣ ਦਾ ਵੀ ਡਰ ਬਣਿਆ ਰਹਿੰਦਾ ਸੀ। ਇਸ ਗੰਭੀਰ ਸਮੱਸਿਆ ਨੂੰ ਪੰਜਾਬੀ ਜਾਗਰਣ ਨੇ ਪ੍ਰਮੁੱਖਤਾ ਨਾਲ ਚੁੱਕਿਆ। ਕਈ ਵਾਰ ਨਗਰ ਕੌਂਸਲ,ਜ਼ਿਲ੍ਹਾ ਪ੍ਰਸਾਸਨ ਅਤੇ ਸੱਤਾਧਾਰੀ ਧਿਰ ਦਾ ਧਿਆਨ ਸ਼ਹਿਰ ਦੀਆਂ ਖਰਾਬ ਪਈਆਂ ਲਾਈਟਾਂ ਵੱਲ ਦਵਾਇਆ ਗਿਆ ਅਤੇ ਕੁੰਭਕਰਨੀ ਨੀਦ ਤੋਂ ਜਗਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਮੁੱਦਾ ਚੁੱਕੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਸਥਿਤੀ ਨੂੰ ਗੰਭੀਰਤਾ ਨਾਲ ਸਮਝਦਿਆਂ ਕਾਰਵਾਈ ਕੀਤੀ। ਸ਼ਹਿਰ ਦੀਆਂ ਮੁੱਖ ਸੜਕਾਂ ਤੇ ਸਾਲਾਂ ਤੋਂ ਬੰਦ ਪਈਆਂ ਸਟਰੀਟ ਲਾਈਟਾਂ ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਦੁਬਾਰਾ ਚਾਲੂ ਕੀਤਾ ਗਿਆ। ਕਈ ਥਾਵਾਂ ਤੇ ਨਵੀਆਂ ਲਾਈਆਂ ਲਾਈਆਂ ਗਈਆਂ, ਜਿਸ ਨਾਲ ਸੜਕਾਂ ਤੇ ਲਾਈਟਾਂ ਦੇ ਪ੍ਰਬੰਧ ਪਹਿਲਾਂ ਦੇ ਮੁਕਾਬਲੇ ਬਿਹਤਰ ਵਿਖਾਈ ਦਿੱਤੇ। ਸ਼ਹਿਰ ਨਿਵਾਸੀ ਨਰਿੰਦਰ ਕੁਮਾਰ, ਜੀਵਨ ਕੁਮਾਰ, ਪਰਮਵੇਦ ਸ਼ਰਮਾ, ਕ੍ਰਿਪਾਲ ਸਿੰਘ ਦਾ ਕਹਿਣਾ ਹੈ ਕਿ ਹੁਣ ਸ਼ਾਮ ਦੇ ਸਮੇਂ ਪੈਦਲ ਚਲਣਾ ਅਤੇ ਦੋ ਪਹੀਆ, ਚਾਰ ਪਹੀਆ ਵਾਹਨਾਂ ਦਾ ਆਉਣਾ ਜਾਣਾ ਸੁਰੱਖਿਅਤ ਮਹਿਸੂਸ ਹੋ ਰਿਹਾ ਹੈ। ਖਾਸ ਕਰਕੇ ਬਜੁਰਗਾਂ, ਔਰਤਾਂ ਅਤੇ ਬੱਚਿਆਂ ਦੇ ਲਈ ਇਹ ਵਿਵਸਥਾ ਵੱਡੀ ਸੁਵਿਧਾ ਸਾਬਤ ਹੋ ਰਹੀ ਹੈ। ਵਪਾਰੀਆਂ ਨੇ ਵੀ ਰਾਹਤ ਮਹਿਸੂਸ ਕੀਤੀ, ਕਿਉਂਕਿ ਲਾਈਟਾਂ ਨਾਲ ਬਜਾਰ ਦੇਰ ਸ਼ਾਮ ਤੱਕ ਸੁਰੱਖਿਅਤ ਅਤੇ ਚੌਕਸ ਰਹਿ ਪਾ ਰਹੇ ਹਨ। ਲੋਕਾਂ ਉਮੀਦ ਲਾਈ ਹੈ ਕਿ ਪ੍ਰਸ਼ਾਸਨ ਅੱਗੇ ਵੀ ਸਟਰੀਟ ਲਾਈਟਾਂ ਦੀ ਨਿਯਮਤ ਦੇਖਰੇਖ ਕਰੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਦੁਬਾਰਾ ਪੈਦਾ ਨਾ ਹੋਵੇ। ਸ਼ਹਿਰ ਦੇ ਸੀਐੱਮ ਹਾਊਸ ਰੋਡ, ਜੀਜੀਐਸ ਸਕੂਲ ਤੋਂ ਨਾਨਕਿਆਣਾ ਸਾਹਿਬ ਚੌਕ, ਹਰੀਪੁਰਾ ਰੋਡ ਤੋਂ ਪੂਨੀਆ ਟਾਵਰ ਤੱਕ, ਸਿਵਲਸ ਹਸਪਤਾਲ ਰੋਡ. ਡੀਸੀ ਨਿਵਾਸ ਦੀਆਂ ਲਾਈਟਾਂ ਨੂੰ ਚਾਲੂ ਕਰ ਦਿੱਤਾ ਗਿਆ ਹੈ,ਜਿੱਥੇ ਪਿਛਲੇ ਕਾਫੀ ਸਮੇਂ ਤੋਂ ਹਨੇਰਾ ਛਾਇਆ ਰਹਿੰਦਾ ਸੀ। ਇਨ੍ਹਾਂ ਸੜਕਾਂ ਦੇ ਰੁਸ਼ਨਾਉਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।