ਧੁੰਦ ਕਾਰਨ ਦੇਖਣ ਹੱਦ ਰਹੀ 10 ਮੀਟਰ
ਗਰਮ ਰੁੱਤ ’ਚ ਵੀ ਸਰਦੀ ਦਾ ਅਹਿਸਾਸ
Publish Date: Sat, 21 Mar 2026 04:05 PM (IST)
Updated Date: Sun, 22 Mar 2026 04:04 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਬੇਸ਼ੱਕ ਮਾਰਚ ਮਹੀਨਾ ਖਤਮ ਹੋਣ ਵਿਚ ਸਿਰਫ 10 ਕੁ ਦਿਨਾਂ ਦਾ ਵਕਫਾ ਰਹਿ ਗਿਆ ਹੈ ਤੇ ਅਪਰੈਲ ਮਹੀਨਾ ਆਉਣ ਵਾਲਾ ਹੈ, ਪ੍ਰੰਤੂ ਅਜੇ ਵੀ ਜਨਵਰੀ, ਫਰਵਰੀ ਵਾਲੀ ਠੰਡ ਪੈ ਰਹੀ ਹੈ। ਜਿਸਦੇ ਚਲਦਿਆਂ ਪਿੰਡਾਂ ਵਿੱਚੋਂ ਮੋਟਰਸਾਈਕਲ ਤੇ ਓਪਨ ਵ੍ਹੀਕਲਾਂ ’ਤੇ ਆ ਰਹੇ ਲੋਕ ਕੋਟੀਆਂ ਜਾਂ ਫਿਰ ਲੋਈ ਲੈ ਕੇ ਆਉਂਦੇ ਹਨ। ਪਿਛਲੇ ਦੋ-ਤਿੰਨ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ। ਇਸ ਦੌਰਾਨ ਦਿਸਨ ਹੱਦ ਮਸਾ 10 ਕੁ ਮੀਟਰ ਤਕ ਹੀ ਹੈ। ਸਵੇਰੇ ਸਥਾਨਕ ਖਾਲੀ ਪਈ ਅਨਾਜ ਮੰਡੀ ਵਿਚ ਦੇਖਿਆ ਕਿ ਲੰਘਦੇ ਵਾਹਨਾਂ ਨੇ ਲਾਈਟਾਂ ਲਾਈਆਂ ਹੋਈਆਂ ਸਨ। ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ਵਿਚ ਸਰਦੀ ਬਿਲਕੁਲ ਖ਼ਤਮ ਹੋ ਚੁੱਕੀ ਹੁੰਦੀ ਹੈ ਤੇ ਲੋਕ ਘਰਾਂ ਵਿਚ ਦਿਨ ਅਤੇ ਰਾਤ ਪੱਖੇ ਲਗਾਉਂਦੇ ਹਨ। ਪਰੰਤੂ ਹੁਣ 21 ਮਾਰਚ ਹੋ ਗਈ ਹੈ, ਪੱਖੇ ਤਾਂ ਕੀ ਲਾਉਣੇ ਸਨ ਸਗੋਂ ਲੋਕਾਂ ਨੇ ਟਰੰਕਾਂ, ਪੇਟੀਆਂ ਵਿਚ ਵਾਪਸ ਰੱਖੇ ਕੰਬਲ ਤੇ ਕੋਟੀਆਂ, ਸਵੈਟਰ ਵੀ ਕੱਢ ਲਏ ਹਨ। ਦਸ ਕੁ ਦਿਨ ਪਹਿਲਾਂ ਗਰਮੀ ਪੈਣ ਲੱਗ ਗਈ ਸੀ ਜਿਸ ਤੋਂ ਕਿਸਾਨਾਂ ਨੇ ਵੀ ਖ਼ਦਸ਼ਾ ਪ੍ਰਗਟ ਕੀਤਾ ਕਿ ਕਣਕ ਦਾ ਝਾੜ ਘੱਟ ਨਿਕਲੇਗਾ ਪ੍ਰੰਤੂ ਹੁਣ ਕਿਸਾਨ ਕਹਿ ਰਹੇ ਹਨ ਕਿ ਸਰਦੀ ਵਿੱਚ ਪੱਕ ਰਹੀ ਕਣਕ ਦਾ ਝਾੜ ਜ਼ਰੂਰ ਹੀ ਕਿਸਾਨਾਂ ਦੇ ਚਿਹਰੇ ’ਤੇ ਮੁਸਕਰਾਹਟ ਲਿਆਵੇਗਾ। ਮੌਸਮ ਸਬੰਧੀ ਜਾਣਕਾਰਾਂ ਨੇ ਦੱਸਿਆ ਕਿ ਇਸ ਵਾਰ ਮਾਰਚ ਵਿਚ ਪਈ ਠੰਡ ਨੇ 40-50 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਕਈ ਬਜ਼ੁਰਗਾਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ 40 ਸਾਲ ਪਹਿਲਾਂ ਅਸੀਂ ਕੱਪੜਾ ਲੈ ਕੇ ਹਾੜੀ ਵੱਢਣ ਜਾਇਆ ਕਰਦੇ ਸੀ ਹੁਣ ਵੀ ਅਜਿਹੀ ਹੀ ਸਰਦੀ ਦੇਖਣ ਨੂੰ ਮਿਲ ਰਹੀ ਹੈ।