ਸ਼ੇਰਪੁਰ ’ਚ ਲਵਾਰਿਸ ਕੁੱਤਿਆਂ ਦਾ ਖੌਫ, ਲੋਕਾਂ ’ਚ ਰੋਸ
ਸ਼ੇਰਪੁਰ ’ਚ ਲਵਾਰਿਸ ਕੁੱਤਿਆਂ ਦਾ ਖੌਫ, ਲੋਕਾਂ ’ਚ ਰੋਸ
Publish Date: Sat, 14 Feb 2026 03:45 PM (IST)
Updated Date: Sun, 15 Feb 2026 04:00 AM (IST)

ਇਲਾਕਾ ਵਾਸੀਆਂ ਨੇ ਢੁਕਵੇਂ ਹੱਲ ਦੀ ਕੀਤੀ ਮੰਗ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਇਲਾਕੇ ਦੇ ਪਿੰਡਾਂ ਵਿਚ ਅਵਾਰਾ ਕੁੱਤਿਆਂ ਦੀ ਵੱਧਦੀ ਆਮਦ ਦੇ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਆਉਂਦੇ-ਜਾਂਦੇ ਲੋਕਾਂ ਨੂੰ ਆਵਾਰਾ ਕੁੱਤੇ ਕੱਟਣ ਲਈ ਦੌੜਦੇ ਹਨ। ਇਸ ਦੇ ਨਾਲ ਅਕਸਰ ਲੋਕ ਹਾਦਸਾ ਗ੍ਰਸਤ ਹੋ ਰਹੇ ਹਨ। ਕਿਉਂਕਿ ਇਹ ਆਵਾਰਾ ਕੁੱਤਿਆਂ ਦੇ ਝੁੰਡ ਅੱਜ-ਕੱਲ੍ਹ ਜਿੱਥੇ ਰਾਹਗੀਰਾਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ ਉੱਥੇ ਸਕੂਲੀ ਬੱਚਿਆਂ ਦੇ ਮਨਾਂ ਅੰਦਰ ਵੀ ਡਰ ਦਾ ਮਾਹੌਲ ਹੈ। ਇੱਥੇ ਹੀ ਬੱਸ ਨਹੀਂ ਇਲਾਕੇ ਦੇ ਅਨੇਕ ਬਜ਼ੁਰਗ ਤੇ ਬੱਚੇ ਵੀ ਇਨ੍ਹਾਂ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਸਥਾਨਕ ਇਲਾਕੇ ਅੰਦਰ ਆਵਾਰਾ ਕੁੱਤਿਆਂ ਦੀ ਵੱਧਦੀ ਆਮਦ ਨੂੰ ਰੋਕਣ ਦੇ ਲਈ ਕੋਈ ਢੁਕਵਾਂ ਹੱਲ ਕੀਤਾ ਜਾਵੇ ਅਤੇ ਐਨੀਮਲ ਕੈਚਰ ਟੀਮ ਨੂੰ ਮੰਗਵਾ ਕੇ ਆਬਾਦੀ ਤੋਂ ਪਰਾਂ ਕੀਤਾ ਜਾਵੇ। ਇਸ ਦੌਰਾਨ ਲੋਕਾਂ ਨੇ ਮੰਗ ਕੀਤੀ ਕਿ ਅਕਸਰ ਪਿੰਡਾਂ ਤੇ ਕਸਬੇ ਦੀਆਂ ਗਲੀਆਂ ਦੇ ਵਿਚ ਆਵਾਰਾ ਕੁੱਤੇ ਘੁੰਮਦੇ ਹੋਏ ਨਜ਼ਰ ਆ ਰਹੇ ਹਨ, ਜੋ ਆਉਣ-ਜਾਣ ਵਾਲੇ ਰਾਹਗੀਰਾਂ ’ਤੇ ਇਕਦਮ ਹਮਲਾ ਕਰ ਦਿੰਦੇ ਹਨ। ਇਸ ਦੇ ਨਾਲ ਮੋਟਰਸਾਈਕਲ ਤੇ ਪੈਦਲ ਚੱਲਣ ਵਾਲੇ ਰਾਹਗੀਰ ਅਚਾਨਕ ਡਿੱਗ ਜਾਂਦੇ ਹਨ, ਅਤੇ ਹਾਦਸੇ ਵਾਪਰ ਜਾਂਦੇ ਹਨ। ਦੂਜੇ ਪਾਸੇ ਛੋਟੇ-ਛੋਟੇ ਬੱਚੇ ਤੇ ਬਜ਼ੁਰਗ ਵਿਅਕਤੀ ਗਲੀਆਂ ਦੇ ਵਿਚ ਘੁੰਮ ਰਹੇ ਇਨ੍ਹਾਂ ਕੁੱਤਿਆਂ ਦੇ ਕਾਰਨ ਪਰੇਸ਼ਾਨ ਹੋ ਰਹੇ ਹਨ। ਇਸ ਦੌਰਾਨ ਹੋਪ ਫਾਰ ਮਹਿਲਕਲਾਂ ਦੀ ਇੰਚਾਰਜ ਕੁਲਵੰਤ ਸਿੰਘ ਟਿੱਬਾ, ਕਾਂਗਰਸੀ ਆਗੂ ਰਣਜੀਤ ਸਿੰਘ ਧਾਲੀਵਾਲ, ਸਾਬਕਾ ਸਰਪੰਚ ਹਰਪਾਲ ਸਿੰਘ ਗੋਬਿੰਦਪੁਰਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਬਾਦਸ਼ਾਹਪੁਰ, ਅਕਾਲੀ ਆਗੂ ਜਸਵਿੰਦਰ ਸਿੰਘ ਦੀਦਾਰਗੜ੍ਹ ਤੋਂ ਇਲਾਵਾ ਹੋਰ ਵੀ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਵਾਰਾ ਜਾਨਵਰਾਂ ਨੂੰ ਫੜ ਕੇ ਢੁੱਕਵੀਂ ਥਾਂ ’ਤੇ ਛੱਡਿਆ ਜਾਵੇਗਾ। ਇਸ ਸਬੰਧ ਵਿਚ ਸਾਬਕਾ ਡੀਐੱਚਓ ਡਾ. ਜਗਜੀਵਨ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਕਿਸੇ ਵੀ ਜਾਨਵਰ ਦੇ ਕੱਟਣ ਨਾਲ ਰੈਬੀਜ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ, ਆਵਾਰਾ ਕੁੱਤਿਆਂ ਦੀ ਵੱਧਦੀ ਹੋਈ ਆਮਦ ਇਸ ਗੱਲ ਵੱਲ ਸੰਕੇਤ ਦਿੰਦੀ ਹੈ ਕਿ ਸਮਾਂ ਰਹਿੰਦਿਆਂ ਹੋਇਆ ਨੱਥ ਨਾ ਪਾਈ ਗਈ ਤਾਂ ਕੋਈ ਵਿਅਕਤੀ ਇਨ੍ਹਾਂ ਦੇ ਕੱਟਣ ਨਾਲ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਆਵਾਰਾ ਕੁੱਤਾ ਕੱਟ ਲਵੇ ਤਾਂ ਪੂਰੀ ਇਹਿਤਿਆਤ ਦੇ ਨਾਲ ਉਸ ਦਾ ਇਲਾਜ ਕਰਵਾਇਆ ਜਾਵੇ।