- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਰੂਰ ’ਚ ਕੁੱਤਿਆਂ ਦਾ ਖੌਫ, ਮਸੂਮ ਬੱਚੇ ਨੂੰ ਨੋਚ ਖਾਦਾ

ਕੁੱਤਿਆਂ ਵੱਲੋ ਨੋਚੇ ਜਾਣ ਕਾਰਨ ਬੱਚੇ ਦੇ ਪੱਟ ਦੀ ਹੱਡੀ ਟੁੱਟੀ, ਹਾਲਤ ਗੰਭੀਰ
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ :
ਸ਼ਹਿਰ ਵਿਚ ਆਵਾਰਾ ਤੇ ਖੁੰਖਾਰ ਕੁੱਤਿਆਂ ਦਾ ਖੌਫ ਦਿਨ ਪ੍ਰਤੀਦਿਨ ਵਧਦਾ ਜਾ ਰਿਹਾ ਹੈ। 10 ਦਿਨ ਬਾਅਦ ਹੀ ਸ਼ਹਿਰ ਵਿਚ ਕੁੱਤਿਆਂ ਨੇ ਸ਼ਹਿਰ ਦੀ ਸੁੰਦਰ ਬਸਤੀ ਵਿਚ ਇਕ 5 ਸਾਲ ਦੇ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ। ਵੀਰਵਾਰ ਰਾਤ ਨੂੰ ਘਰ ਦੇ ਨੇੜੇ ਮੌਜੂਦ ਮੰਦਰ ਦੇ ਬਾਹਰ ਖੇਡ ਰਹੇ ਬੱਚੇ ’ਤੇ ਚਾਰ-ਪੰਜ ਕੁੱਤਿਆਂ ਨੇ ਹਮਲਾ ਕਰ ਦਿੱਤਾ। ਬੱਚੇ ਦੇ ਮੂੰਹ ਤੋਂ ਲੈ ਕੇ ਛਾਤੀ, ਢਿੱਡ ਤੇ ਲੱਤਾਂ ਨੂੰ ਬੁਰੀ ਤਰ੍ਹਾਂ ਨੋਚ ਖਾਦਾ। ਬੱਚੇ ਦੀਆਂ ਚੀਕਾ ਸੁਣਨ ਮਗਰੋ ਲੋਕਾਂ ਨੇ ਬੱਚੇ ਨੂੰ ਕੁੱਤਿਆਂ ਤੋਂ ਛੁਡਾਇਆ ਤੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਬੱਚੇ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ। ਪਰਿਵਾਰ ਨੇ ਬੱਚੇ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਬੱਚੇ ਦਾ ਇਲਾਜ ਕੀਤਾ ਗਿਆ। ਡਾਕਟਰ ਨੇ ਬੱਚੇ ਦੀ ਛਾਤੀ ਤੋਂ ਲੈ ਕੇ ਲੱਤਾਂ ਤੱਕ ਪਲਸਤਰ ਲਾ ਦਿੱਤਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦੇ ਸਰੀਰ ਤੇ ਕੁੱਤਿਆਂ ਵੱਲੋਂ ਵੱਢੇ ਜਾਣ ਦੇ ਵੱਡੀ ਗਿਣਤੀ ਜ਼ਖ਼ਮ ਹਨ। ਇਸ ਘਟਨਾ ਤੋਂ ਬਾਅਦ ਵੀ ਪ੍ਰਸ਼ਾਸਨ ਤੇ ਨਗਰ ਕੌਂਸਲ ਦੀ ਕੁੰਭਕਰਨੀ ਨੀਂਦ ਨਾ ਟੁੱਟੀ ਅਤੇ ਸ਼ਹਿਰ ਦੇ ਰਹਾਇਸ਼ੀ ਇਲਾਕਿਆਂ ਤੋਂ ਲੈ ਕੇ ਹਰ ਥਾਂ ਵੱਡੀ ਗਿਣਤੀ ਕੁੱਤਿਆਂ ਦੇ ਝੁੰਡ ਘੁੰਮ ਰਹੇ ਹਨ।
ਸੁੰਦਰ ਬਸਤੀ ਨਿਵਾਸੀ ਭਾਰਤੀ ਅੰਬੇਦਕਰ ਮਿਸ਼ਨ ਭਾਰਤ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਸਥਾਨਕ ਹਨੂੰਮਾਨ ਮੰਦਰ ਦੇ ਨੇੜੇ ਕਈ ਕੁੱਤਿਆਂ ਨੇ ਪੰਜ ਸਾਲ ਦੇ ਮਸੂਮ ਬੱਚੇ ਰੋਹਿਤ ਪੁੱਤਰ ਸਾਗਰ ’ਤੇ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਹੈ। ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਖਾਦਾ, ਜਿਸ ਕਾਰਨ ਬੱਚੇ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਬੱਚਾ ਗਰੀਬ ਪਰਿਵਾਰ ਨਾਲ ਸਬੰਧਤ ਹੈ। ਬੱਚੇ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਕਰਵਾਇਆ ਗਿਆ ਹੈ। 30 ਦਸੰਬਰ ਨੂੰ ਸਵੇਰੇ ਸੁੰਦਰ ਬਸਤੀ ਨਿਵਾਸੀ ਅਨੀਤਾ ਪਤਨੀ ਮੱਖਣ ਸਿੰਘ ਨੂੰ ਵੀ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਲਿਆ ਸੀ, ਜਿਸਦੇ ਜ਼ਖ਼ਮ ਹਾਲੇ ਤੱਕ ਪੂਰੀ ਤਰ੍ਹਾਂ ਭਰੇ ਵੀ ਨਹੀਂ ਹਨ ਤੇ ਉਕਤ ਔਰਤ ਇਲਾਜ ਅਧੀਨ ਹੈ। ਇਸਦੇ ਬਾਵਜੂਦ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੇ ਇਨ੍ਹਾਂ ਅਵਾਰਾ ਕੁੱਤਿਆਂ ਤੇ ਨਕੇਲ ਕਸਣ ਦੀ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ। ਸ਼ਹਿਰ ਦੀ ਇਹ ਦੂਜੀ ਵੱਡੀ ਘਟਨਾ ਹੈ।
ਪ੍ਰਸ਼ਾਸਨ ਤੇ ਕੌਂਸਲ ਖ਼ਿਲਾਫ ਖੋਲਾਂਗੇ ਮੋਰਚਾ : ਕਾਂਗੜਾ
ਦਰਸ਼ਨ ਕਾਂਗੜਾ ਨੇ ਕਿਹਾ ਕਿ ਆਵਾਰਾ ਕੁੱਤਿਆਂ ਦੇ ਮਾਮਲੇ ਵਿਚ ਨਗਰ ਕੌਂਸਲ ਤੇ ਪ੍ਰਸ਼ਾਸਨ ਵੱਲੋਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਨਗਰ ਕੌਂਸਲ ਨੇ ਇਸ ਸਮੱਸਿਆ ਦਾ ਕੋਈ ਠੋਸ ਹੱਲ ਨਾ ਕੀਤਾ ਤਾਂ ਮਿਸ਼ਨ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਖ਼ਿਲਾਫ਼ ਪੱਕਾ ਮੋਰਚਾ ਖੋਲ੍ਹਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਆਵਾਰਾ ਕੁੱਤਿਆਂ ਦਾ ਸ਼ਿਕਾਰ ਇਨ੍ਹਾਂ ਗਰੀਬ ਪੀੜਤ ਪਰਿਵਾਰਾਂ ਨੂੰ ਨਗਰ ਕੌਂਸਲ ਸੁਪਰੀਮ ਕੋਰਟ ਵੱਲੋਂ ਨਿਰਧਾਰਤ ਮੁਆਵਜੇ ਦੀ ਰਾਸ਼ੀ ਪ੍ਰਦਾਨ ਕਰੇ।
ਅਦਾਲਤ ਤੱਕ ਪਹੁੰਚਾਵਾਂਗੇ ਮਾਮਲਾ : ਕਮਲ ਅਨੰਦ
ਐਡਵੋਕੇਟ ਕਮਲ ਅਨੰਦ ਨੇ ਕਿਹਾ ਕਿ ਆਵਾਰਾ ਕੁੱਤਿਆਂ ਦੇ ਖੌਫ ਦਾ ਸ਼ਿਕਾਰ ਬਣੀ ਬਜ਼ੁਰਗ ਮਹਿਲਾ ਅਨੀਤਾ ਦੇ ਮਾਮਲੇ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਤੋਂ ਮੁਆਵਜੇ ਦੀ ਮੰਗ ਕੀਤੀ ਗਈ ਹੈ, ਉੱਥੇ ਅਦਾਲਤ ਦਾ ਦਰਵਾਜਾ ਖੜਕਾਇਆ ਗਿਆ ਹੈ। ਪ੍ਰੰਤੂ ਅੱਜ ਬੱਚੇ ਨੂੰ ਕੁੱਤਿਆਂ ਵੱਲੋਂ ਵੱਢੇ ਜਾਣ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਮਾਮਲੇ ਬਹੁਤ ਗੰਭੀਰ ਹਨ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਅਦਾਲਤ ਤੱਕ ਪਹੁੰਚਾਇਆ ਜਾਵੇਗਾ ਅਤੇ ਪੀੜਤ ਪਰਿਵਾਰਾਂ ਨੂੰ ਹਰ ਮਦਦ ਦਵਾਉਣ ਦੇ ਨਾਲ ਹੀ ਆਵਾਰਾ ਕੁੱਤਿਆਂ ਦੇ ਖੌਫ ਤੋਂ ਛੁਟਕਾਰਾ ਦਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਛਾਤੀ, ਢਿੱਡ ਤੇ ਲੱਤਾਂ ਨੂੰ ਬੁਰੀ ਤਰ੍ਹਾਂ ਖਾਦਾ : ਡਾ. ਸੰਜੀਵ ਗੋਇਲ
ਪ੍ਰਾਈਵੇਟ ਹਸਪਤਾਲ ਦੇ ਡਾਕਟਰ ਡਾ. ਸੰਜੀਵ ਗੋਇਲ ਨੇ ਦੱਸਿਆ ਕਿ ਪੀੜਤ ਬੱਚੇ ਦੇ ਸਿਰ ਤੋਂ ਲੈ ਕੇ ਮੂੰਹ, ਛਾਤੀ, ਢਿੱਡ, ਪੱਟ ਤੇ ਲੱਤਾਂ ’ਤੇ ਡੂੰਘੇ ਨਿਸ਼ਾਨ ਹਨ। ਕੁੱਤਿਆਂ ਵੱਲੋ ਨੋਚੇ ਜਾਣ ਕਾਰਨ ਬੱਚੇ ਦੇ ਪੱਟ ਦੀ ਹੱਡੀ ਟੁੱਟ ਗਈ ਹੈ, ਜਿਸ ਕਾਰਨ ਪਲੱਸਤਰ ਲਾਇਆ ਗਿਆ ਹੈ।