ਕਿਸਾਨ ਗਣਤੰਤਰ ਦਿਵਸ ਮੌਕੇ ਕੱਢਣਗੇ ਟਰੈਕਟਰ ਮਾਰਚ
ਕਿਸਾਨ ਗਣਤੰਤਰ ਦਿਵਸ ਮੌਕੇ ਕੱਢਣਗੇ ਟਰੈਕਟਰ ਮਾਰਚ
Publish Date: Fri, 23 Jan 2026 04:53 PM (IST)
Updated Date: Sat, 24 Jan 2026 04:04 AM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐੱਸਕੇਐੱਮ ਦੇ ਸੱਦੇ ਤਹਿਤ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਦਾ ਤਰਕ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿਲ, ਬੀਜ਼ ਬਿੱਲ ਤੇ ਕਿਰਤ ਕਾਨੂੰਨ ਕਿਸਾਨਾਂ ਮਜ਼ਦੂਰਾਂ ਲਈ ਘਾਤਕ ਸਿੱਧ ਹੋਣਗੇ। ਸੁਨਾਮ ਵਿਖੇ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਪ੍ਰਧਾਨਗੀ ਹੇਠ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 24 ਜਨਵਰੀ ਨੂੰ ਪੱਤਰਕਾਰ ਭਾਈਚਾਰੇ ਵੱਲੋਂ ਸਰਕਾਰ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਬਠਿੰਡਾ ਵਿਖੇ ਕੀਤੇ ਜਾ ਰਹੇ ਪ੍ਰੋਗਰਾਮ ਨੂੰ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਭਰਵੀਂ ਸ਼ਮੂਲੀਅਤ ਕਰੇਗੀ। ਕਿਸਾਨ ਆਗੂਆਂ ਨੇ ਦੱਸਿਆ ਕਿ ਐੱਸਕੇਐੱਮ ਦੇ ਸੱਦੇ ’ਤੇ ਪੂਰੇ ਭਾਰਤ ਅੰਦਰ ਬਲਾਕ ਪੱਧਰ ’ਤੇ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢੇ ਜਾਣਗੇ। ਉਨ੍ਹਾਂ ਆਖਿਆ ਕਿ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਤੇ ਮਿਹਨਤਕਸ਼ ਲੋਕਾਂ ਤੱਕ ਇਹ ਗੱਲ ਪਹੁੰਚਾਈ ਜਾਵੇਗੀ ਇਕ ਪਾਸੇ ਹਾਕਮ 26 ਜਨਵਰੀ ਵਾਲੇ ਦਿਨ ਗਣਤੰਤਰ ਦਿਵਸ ਮਨਾ ਰਹੇ ਹਨ ਤੇ ਦੂਜੇ ਪਾਸੇ ਬਿਜਲੀ ਸੋਧ ਬਿੱਲ, ਕਿਰਤ ਕੋਡ ਬਿਲ, ਸੀਡ ਬਿੱਲ ਅਤੇ ਨਰੇਗਾ ਦਾ ਖਾਤਮਾ ਜਨਤਕ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਕੇਂਦਰ ਤੇ ਸੂਬਾ ਸਰਕਾਰ ਦੀ ਤਰਫੋਂ ਜਨਤਕ ਅਦਾਰਿਆਂ ਨੂੰ ਕੌਡੀਆਂ ਦੇ ਭਾਉ ਕਾਰਪੋਰੇਟ ਘਰਾਣਿਆਂ ਨੂੰ ਵੇਚਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ 27 ਜਨਵਰੀ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਬੀਕੇਯੂ (ਏਕਤਾ ਉਗਰਾਹਾਂ) ਦੀ ਤਰਫੋਂ ਡਟਵੀਂ ਹਿਮਾਇਤ ਕੀਤੀ ਜਾਵੇਗੀ। ਇਸ ਮੌਕੇ ਬਹਾਲ ਸਿੰਘ ਢੀਂਡਸਾਂ, ਅਮਨਦੀਪ ਸਿੰਘ ਮਹਿਲਾ, ਬਹਾਦਰ ਸਿੰਘ ਭੁਟਾਲ, ਸੁਖਪਾਲ ਸਿੰਘ ਮਾਣਕ, ਗੁਰਪ੍ਰੀਤ ਸਿੰਘ ਸੰਗਤਪੁਰਾ, ਹਰਬੰਸ ਸਿੰਘ ਲੱਡਾ, ਮਨਜੀਤ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ, ਜਗਤਾਰ ਸਿੰਘ ਲੱਡੀ, ਰੋਸ਼ਨ ਮੂਨਕ ਹਾਜ਼ਰ ਸਨ।