ਕਿਸਾਨ 6 ਮਾਰਚ ਨੂੰ ਬਠਿੰਡਾ ਵਿਖੇ ਕਰਨਗੇ ਲਲਕਾਰ ਰੈਲੀ
ਕਿਸਾਨ 6 ਮਾਰਚ ਨੂੰ ਬਠਿੰਡਾ ਵਿਖੇ ਕਰਨਗੇ ਲਲਕਾਰ ਰੈਲੀ
Publish Date: Mon, 02 Mar 2026 05:42 PM (IST)
Updated Date: Tue, 03 Mar 2026 04:06 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਬਲਾਕ ਦੀ ਮੀਟਿੰਗ ਗੁਰਦੁਆਰਾ ਨੌਵੇਂ ਪਾਤਸ਼ਾਹ ਪਿੰਡ ਫੱਗੂਵਾਲਾ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਬਲਾਕ ਖਜ਼ਾਨਚੀ ਬਲਵਿੰਦਰ ਸਿੰਘ ਘਨੋੜ, ਬਲਾਕ ਜਰਨਲ ਸਕੱਤਰ ਜਸਵੀਰ ਸਿੰਘ ਗੱਗੜਪੁਰ ਨੇ ਕਿਹਾ ਕਿ ਆਉਣ ਵਾਲੀ 6 ਮਾਰਚ ਨੂੰ ਬਠਿੰਡਾ ਵਿਖੇ ਵੱਡੀ ਗਿਣਤੀ ਵਿਚ ਲਲਕਾਰ ਰੈਲੀ ਤੇ ਮਾਰਚ ਕੀਤਾ ਜਾਵੇਗਾ, ਇਹ ਰੈਲੀ ਤੇ ਮਾਰਚ ਬਠਿੰਡਾ ਦੀ ਐੱਸ.ਐੱਸ.ਪੀ ਜੋਤੀ ਯਾਦਵ ਵੱਲੋਂ ਜਿਉਂਦ ਪਿੰਡ ਵਿਚ ਕਿਸਾਨਾਂ ਮਜ਼ਦੂਰਾਂ ’ਤੇ ਕੀਤੇ ਗਏ ਤਸ਼ੱਦਦ ਤੇ ਧੱਕੇ ਦੇ ਖ਼ਿਲਾਫ਼ ਕੀਤਾ ਜਾ ਰਿਹਾ ਹੈ। ਐੱਸਐੱਸਪੀ ਦੀ ਹਾਜ਼ਰੀ ਵਿਚ ਮਾੜੀ ਪਿੰਡ ਦੇ ਕਿਸਾਨ ਚਰਨਜੀਤ ਸਿੰਘ ਦੀ ਪੁਲਿਸ ਨੇ ਲੱਤ ਚਕਨਾ ਚੂਰ ਕਰ ਦਿੱਤੀ। ਪੁਲਿਸ ਨੇ ਕਿਸਾਨਾਂ, ਮਜ਼ਦੂਰਾਂ ਨੂੰ ਘਰਾਂ ਵਿਚ ਵੜ ਕੇ ਕੁੱਟਿਆ, ਘਰਾਂ ਵਿਚ ਅੱਥਰੂ ਗੈਸ ਦੇ ਗੋਲੇ ਅਤੇ ਰੋੜੇ ਸੁੱਟੇ ਗਏ। ਆਗੂਆਂ ਨੇ ਕਿਹਾ ਕਿ ਇਕ ਨੋਜਵਾਨ ਦਾ ਅੱਥਰੂ ਗੈਸ ਦੇ ਗੋਲੇ ਨਾਲ ਹੱਥ ਉੱਡਾ ਦਿੱਤਾ ਪਿਛਲੀ 18 ਫਰਬਰੀ ਨੂੰ ਸ਼ਾਂਤਮਈ ਧਰਨਿਆਂ ’ਤੇ ਬੈਠੇ ਕਿਸਾਨਾਂ ਉੱਪਰ ਪੂਰੇ ਪੰਜਾਬ ਵਿਚ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਅੰਨ੍ਹੇਵਾਹ ਤਸ਼ੱਦਦ ਢਾਹਿਆ ਗਿਆ ਬਜ਼ੁਰਗਾਂ ਨੂੰ ਫ਼ੜ ਫ਼ੜ ਕੇ ਸੜਕਾਂ ’ਤੇ ਘੜੀਸਿਆ ਗਿਆ ਤੇ ਔਰਤਾਂ ’ਤੇ ਬੱਚਿਆ ਦੀ ਵੀ ਖਿੱਚ ਧੂਹ ਕੀਤੀ ਗਈ। ਆਗੂਆ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੀ ਬਠਿੰਡਾ ਦੀ ਐੱਸਐੱਸਪੀ ਜੋਤੀ ਯਾਦਵ ’ਤੇ ਹੋਰ ਦੋਸ਼ੀ ਪੁਲਿਸ ਮੁਲਾਜ਼ਮਾਂ ’ਤੇ ਪਰਚੇ ਦਰਜ ਕਰ ਕੇ ਨੋਕਰੀ ਤੋਂ ਬਰਖਾਸਤ ਕੀਤਾ ਜਾਵੇ, ਕਿਉਂਕਿ ਜਿਸ ਤਰ੍ਹਾਂ ਪੰਜਾਬ ਨੂੰ ਪੁਲਿਸ ਰਾਜ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਗੁਰਦਾਸਪੁਰ ਜ਼ਿਲ੍ਹੇ ਵਿਚ 19 ਸਾਲਾਂ ਨੌਜਵਾਨ ਰਣਜੀਤ ਸਿੰਘ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਜਿਸਦੀ ਬਲਾਕ ਟੀਮ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਉਨ੍ਹਾ ਨੇ ਕਿਹਾ ਕਿ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਮਰੀਕਾ ਨਾਲ ਟੈਕਸ ਮੁਕਤ ਵਪਾਰ ਦੇ ਸਮਝੌਤੇ ਕੀਤੇ ਜਾ ਰਹੇ ਹਨ ਉਹ ਦੇਸ਼ ਦੇ ਕਿਸਾਨਾਂ ਸਮੇਤ ਕੁੱਲ ਤਬਕੇ ਨੂੰ ਤਬਾਹ ਕਰ ਦੇਣਗੇ। ਆਗੂਆ ਨੇ ਕਿਹਾ ਕਿ ਜੋ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਇਰਾਨ ਨਾਲ ਜੰਗ ਛੇੜਕੇ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਅਤੇ ਵੱਖ-ਵੱਖ ਮੁਲਖਾਂ ਦੇ ਵਿਚ ਬੰਬਾਰੀ ਕੀਤੀ ਜਾ ਰਹੀ ਹੈ ਜਿਸ ਨਾਲ ਪੂਰੇ ਦੇਸ਼ਾਂ ਦੇ ਲੋਕਾਂ ਦੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਉਸ ਜੰਗ ਨੂੰ ਵੀ ਬੰਦ ਕੀਤਾ ਜਾਵੇ। ਇਸ ਮੌਕੇ ਬਲਾਕ ਆਗੂ ਰਘਵੀਰ ਸਿੰਘ ਘਰਾਚੋਂ, ਕਰਮ ਚੰਦ ਪੰਨਵਾਂ, ਗੁਰਚੇਤ ਸਿੰਘ ਭੱਟੀਵਾਲ, ਕਸ਼ਮੀਰ ਸਿੰਘ ਆਲੋਅਰਖ, ਗੁਰਦੇਵ ਸਿੰਘ ਆਲੋਅਰਖ, ਕੁਲਦੀਪ ਸਿੰਘ ਬਖੋਪੀਰ ਮੌਜੂਦ ਸਨ।