ਕਿਸਾਨਾਂ ਨੇ ਕੇਂਦਰੀ ਕਾਨੂੰਨਾਂ ਖ਼ਿਲਾਫ਼ ਕੱਢਿਆ ਮੋਟਰਸਾਈਕਲ ਮਾਰਚ
ਕਿਸਾਨਾਂ ਨੇ ਕੇਂਦਰੀ ਕਾਨੂੰਨਾਂ ਖਿਲਾਫ ਕੱਢਿਆ ਮੋਟਰਸਾਈਕਲ ਮਾਰਚ
Publish Date: Sun, 04 Jan 2026 05:15 PM (IST)
Updated Date: Mon, 05 Jan 2026 04:06 AM (IST)

ਕਿਹਾ, ਮੋਦੀ ਹਕੂਮਤ ਸਰਕਾਰੀ ਅਦਾਰਿਆਂ ਦਾ ਕਰ ਰਹੀ ਹੈ ਨਿੱਜੀਕਰਨ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਐਤਵਾਰ ਨੂੰ ਕਿਸਾਨ ਤੇ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਨੇ ਸੁਨਾਮ ਬਲਾਕ ਦੇ ਦਰਜਨਾਂ ਪਿੰਡਾਂ ਵਿਚ ਮੋਟਰਸਾਈਕਲ ਮਾਰਚ ਕੱਢਿਆ। ਸੁਨਾਮ ਵਿਖੇ ਅਨਾਜ਼ ਮੰਡੀ ਤੋਂ ਸ਼ੁਰੂ ਹੋਏ ਮੋਟਰਸਾਈਕਲ ਮਾਰਚ ਵਿਚ ਸ਼ਾਮਲ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨਾਂ ਤੇ ਬਿਜਲੀ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਰਾਮ ਸ਼ਰਨ ਸਿੰਘ ਉਗਰਾਹਾਂ ਤੇ ਸੁਖਪਾਲ ਸਿੰਘ ਮਾਣਕ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਵਿਰੋਧੀ ਕਾਲੇ ਕਾਨੂੰਨ ਜਿੱਥੇ ਸਰਕਾਰੀ ਨੌਕਰੀਆਂ ਲਈ ਖ਼ਤਰਾ ਪੈਦਾ ਕਰ ਰਹੇ ਹਨ ਉੱਥੇ ਖੇਤੀ ਖੇਤਰ ਤੇ ਮਜ਼ਦੂਰਾਂ ਦੇ ਹੱਕਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ਼ ਵੇਚਣ ਲਈ ਨਰਿੰਦਰ ਮੋਦੀ ਸਰਕਾਰ ਪੱਬਾਂ ਭਾਰ ਹੋ ਰਹੀ ਹੈ। ਅਜਿਹੇ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਨ੍ਹਾਂ ਕਾਲੇ ਕਾਨੂੰਨਾਂ ਵਿਚ ਬਿਜਲੀ ਐਕਟ 2025, ਲੇਬਰ ਕੋਡ ਬਿਲ, ਸੀਡ ਬਿੱਲ ਤੇ ਮਨਰੇਗਾ ਕਾਨੂੰਨ ਵਿਚ ਤਬਦੀਲੀ ਕੀਤੀ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿੱਲਾਂ ਰਾਹੀਂ ਕੇਂਦਰ ਸਰਕਾਰ ਭਾਰਤ ਦੀ ਮੰਡੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕ ਇਹ ਕਾਲੇ ਕਾਨੂੰਨ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦੇਣਗੇ। ਇਸ ਮੌਕੇ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਬਿੰਦਰਪਾਲ ਛਾਜਲੀ, ਹਰਮੇਲ ਸਿੰਘ ਮਹਿਰੋਕ ਆਲ ਇੰਡੀਆ ਕਿਸਾਨ ਫੈਡਰੇਸ਼ਨ , ਮਲਕੀਤ ਸਿੰਘ ਲਖਮੀਰਵਾਲਾ, ਜਸਵੰਤ ਸਿੰਘ ਬਿਗੜਵਾਲ, ਬਿਜਲੀ ਬੋਰਡ ਵੱਲੋਂ ਅਜੇ ਕੁਮਾਰ ,ਨਰਿੰਦਰ ਕੁਮਾਰ ਸ਼ਰਮਾ, ਸੁਰਿੰਦਰ ਸਿੰਘ, ਗੱਜਣ ਸਿੰਘ ਬੌਕਸਰ, ਰਣਦੀਪ ਕੌਰ ਰਟੋਲਾਂ , ਜਸਵੀਰ ਕੌਰ ਉਗਰਾਹਾਂ, ਮਨਜੀਤ ਕੌਰ ਤੋਲਾਵਾਲ, ਬਲਜੀਤ ਕੌਰ ਖਡਿਆਲ ਯਾਦਵਿੰਦਰ ਸਿੰਘ ਚੱਠੇ ਨਕਟੇ , ਜੀਤ ਸਿੰਘ ਗੰਢੂਆਂ, ਨਛੱਤਰ ਸਿੰਘ ਗੰਢੂਆਂ ਹਾਜ਼ਰ ਸਨ।