ਸੁਨਾਮ ’ਚ ਕਿਸਾਨਾਂ ਨੇ ਦਾਮਨ ਬਾਜਵਾ ਦੇ ਘਰ ਮੂਹਰੇ ਦਿੱਤਾ ਧਰਨਾ
ਸੁਨਾਮ ’ਚ ਕਿਸਾਨਾਂ ਨੇ ਦਾਮਨ ਬਾਜਵਾ ਦੇ ਘਰ ਮੂਹਰੇ ਦਿੱਤਾ ਧਰਨਾ
Publish Date: Sun, 22 Feb 2026 04:39 PM (IST)
Updated Date: Mon, 23 Feb 2026 04:04 AM (IST)

ਕਿਹਾ- ਕੇਂਦਰ ਸਰਕਾਰ ਖੇਤੀ ਕਿੱਤੇ ਨੂੰ ਖ਼ਤਮ ਕਰਨ ਦੇ ਰਾਹ ਤੁਰੀ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਭਾਰਤ ਅਮਰੀਕਾ ਵਪਾਰ ਸਮਝੌਤਾ, ਬਿਜਲੀ ਤੇ ਸੀਡ ਬਿੱਲ, ਕਿਰਤ ਕਾਨੂੰਨ ਤੇ ਮਨਰੇਗਾ ਕਾਨੂੰਨ ਵਿੱਚ ਤਬਦੀਲੀ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਐਤਵਾਰ ਨੂੰ ਸੁਨਾਮ ਵਿਖੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੇ ਘਰ ਮੂਹਰੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਆਖਿਆ ਕਿ ਕੇਂਦਰ ਸਰਕਾਰ ਨਵੇਂ ਕਾਨੂੰਨ ਲਿਆਕੇ ਖੇਤੀ ਕਿੱਤੇ ਨੂੰ ਖ਼ਤਮ ਕਰਨ ਦੇ ਰਾਹ ਤੁਰੀ ਹੋਈ ਹੈ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕਿਸਾਨ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਜਨਕ ਸਿੰਘ ਭੁਟਾਲ, ਅਮਰੀਕ ਸਿੰਘ ਗੰਢੂਆਂ, ਦਰਬਾਰਾ ਸਿੰਘ ਛਾਜਲਾ, ਸਤਵੰਤ ਸਿੰਘ ਖੰਡੇਬਾਦ ਅਤੇ ਸੁਖਪਾਲ ਸਿੰਘ ਮਾਣਕ ਨੇ ਆਖਿਆ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਅਮਰੀਕਾ ਨਾਲ ਵਪਾਰ ਸਮਝੌਤਾ ਕਰ ਕੇ ਖੇਤੀ ਕਿੱਤੇ ਨੂੰ ਖ਼ਤਮ ਕਰਨ ਦੇ ਰਾਹ ਪਈ ਹੋਈ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦਾ ਕਿਸਾਨ ਮਜ਼ਦੂਰ ਪਹਿਲਾਂ ਹੀ ਹਰੀਕ੍ਰਾਂਤੀ ਨੇ ਪੀੜਕੇ ਰੱਖ ਦਿੱਤਾ ਹੈ, ਹਰੀਕ੍ਰਾਂਤੀ ਨੇ ਪੰਜਾਬ ਨੂੰ ਬਰਬਾਦੀ ਤੋਂ ਸਿਵਾਏ ਕੱਖ ਨਹੀ ਦਿੱਤਾ, ਹੁਣ ਇੱਕ ਵਾਰ ਫਿਰ ਮੋਦੀ ਨੇ ਖੇਤੀਬਾੜੀ ਨੀਤੀ ਅਮਰੀਕਾ ਨੂੰ ਵੇਚ ਦਿੱਤੀ ਹੈ, ਇਸ ਨੀਤੀ ਨਾਲ ਪੰਜਾਬ ਅਤੇ ਭਾਰਤ ਦਾ ਖੇਤੀਬਾੜੀ ਧੰਦਾ ਬਿਲਕੁਲ ਬਰਬਾਦ ਹੋ ਜਾਵੇਗਾ। ਉਨ੍ਹਾਂ ਆਖਿਆ ਬਿਜਲੀ ਸੋਧ ਬਿਲ, ਬੀਜ਼ ਬਿਲ, ਚਾਰ ਲੇਬਰ ਕੋਡ ਅਤੇ ਮਨਰੇਗਾ ਕਾਨੂੰਨ ਵਿੱਚ ਤਬਦੀਲੀ ਕਿਸਾਨ ਮਜ਼ਦੂਰ ਲਈ ਬੇਹੱਦ ਘਾਤਕ ਹੈ। ਬੁਲਾਰਿਆਂ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਸਰਕਾਰ ਮੂਹਰੇ ਗੋਡੇ ਟੇਕ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਵਰਤਾਰਾ ਰਾਜ ਕਰਨ ਵਾਲੀ ਧਿਰ ਲਈ ਮਾਰੂ ਸਾਬਿਤ ਹੋਵੇਗਾ। ਉਨ੍ਹਾਂ ਆਖਿਆ ਕਿ ਐਸ ਐਸ ਪੀ ਬਠਿੰਡਾ ਨੇ ਸਰਕਾਰ ਦੀ ਸ਼ਹਿ ਤੇ ਪਿੰਡ ਵਿੱਚ ਬੈਠੇ ਕਿਸਾਨਾਂ ਉੱਪਰ ਵਹਿਸ਼ੀਆਨਾ ਢੰਗ ਨਾਲ ਲਾਠੀਚਾਰਜ ਕੀਤਾ ਹੈ। ਇਸ ਮੌਕੇ ਹਰਭਗਵਾਨ ਸਿੰਘ ਮੂਣਕ, ਸਵਰਨ ਸਿੰਘ ਨਵਾਂ ਗਾਓਂ, ਜਸਵੰਤ ਸਿੰਘ ਬਿਗੜਵਾਲ, ਹਰਪਾਲ ਕੌਰ ਟਿੱਬੀ, ਜਸਵੀਰ ਕੌਰ ਉਗਰਾਹਾਂ, ਜਸਵੰਤ ਸਿੰਘ ਤੋਲਾਵਾਲ, ਰਿੰਕੂ ਮੂਣਕ ਅਤੇ ਸੁਖਦੇਵ ਸਿੰਘ ਕੁੜੈਲ, ਕਰਨੈਲ ਸਿੰਘ ਗਨੌਟਾ, ਬਿੰਦਰ ਸਿੰਘ ਖੋਖਰਹਾਜਰ ਸਨ।