ਕਿਸਾਨਾਂ ਨੇ ਪੈਪਸੀਕੋ ਫੈਕਟਰੀ ਅੱਗੇ ਕੀਤੀ ਨਾਅਰੇਬਾਜ਼ੀ
ਕਿਸਾਨਾਂ ਨੇ ਪੈਪਸੀਕੋ ਫੈਕਟਰੀ ਅੱਗੇ ਕੀਤੀ ਨਾਅਰੇਬਾਜ਼ੀ
Publish Date: Tue, 24 Feb 2026 06:02 PM (IST)
Updated Date: Wed, 25 Feb 2026 04:07 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਬਲਾਕ ਭਾਨੀਗੜ੍ਹ ਵੱਲੋਂ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਪੈਪਸੀਕੋ ਫੈਕਟਰੀ ਚੰਨੋ ਦੇ ਅੱਗੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾੜ, ਜਸਵੀਰ ਸਿੰਘ ਗੱਗੜਪੁਰ, ਗੁਰਚੇਤ ਸਿੰਘ ਭੱਟੀਵਾਲ, ਰਘਬੀਰ ਸਿੰਘ ਘਰਾਚੋਂ ਤੇ ਕਰਮ ਚੰਦ ਪੰਨਵਾਂ ਨੇ ਦੱਸਿਆ ਚੰਨੋ ਫੈਕਟਰੀ ਦੇ ਅੱਗੇ ਪਿਛਲੇ ਕਾਫੀ ਸਮੇਂ ਤੋਂ ਆਲੂ ਵੇਚਣ ਲਈ ਟਰੈਕਟਰ-ਟਰਾਲੀਆਂ ਦੀ ਲੰਮੀ ਲਾਈਨ ਲੱਗੀ ਹੋਈ ਹੈ। ਇਸ ਫੈਕਟਰੀ ਦੇ ਵਿਚ ਪਹਿਲ ਦੇ ਆਧਾਰ ’ਤੇ ਕਿਸਾਨਾਂ ਦੇ ਆਲੂਆਂ ਦੀ ਫਸਲ ਖਰੀਦਣੀ ਬਣਦੀ ਹੈ ਪਰ ਪਿਛਲੇ ਕਈ ਦਿਨਾਂ ਤੋਂ ਕਿਸਾਨ ਆਲੂ ਵੇਚਣ ਤੋਂ ਫੈਕਟਰੀ ਦੇ ਅੱਗੇ ਪਰੇਸ਼ਾਨ ਹੋ ਰਹੇ ਹਨ। ਇਸ ਮੌਕੇ ਕਾਲਾਝਾੜ ਪਿੰਡ ਇਕਾਈ ਦੇ ਪ੍ਰਧਾਨ ਗੁਰਬਚਨ ਸਿੰਘ ਮਾਘ ਸਿੰਘ ਖੇੜੀ ਗਿੱਲਾ ਦੇ ਪ੍ਰਧਾਨ ਨੇ ਕਿਹਾ ਕਿ ਕਈ ਦਿਨਾਂ ਤੋਂ ਫੈਕਟਰੀ ਦੇ ਅੱਗੇ ਟਰਾਲੀਆਂ ਲਾ ਕੇ ਕਿਸਾਨ ਖੜ੍ਹੇ ਹਨ। ਫੈਕਟਰੀ ਵੱਲੋਂ ਕਿਸਾਨਾਂ ਦਾ ਆਲੂ ਨਹੀਂ ਖਰੀਦਿਆ ਜਾ ਰਿਹਾ ਤੇ ਕੁਝ ਕਿਸਾਨਾਂ ਨੂੰ ਫੈਕਟਰੀ ਤੋਂ ਕਾਰਡ ਵੀ ਬਣਵਾ ਕੇ ਦੇਣੇ ਹਨ ਜਿਸ ਤੋਂ ਫੈਕਟਰੀ ਦੇ ਅਧਿਕਾਰੀ ਨਾ ਨੁਕਰ ਕਰਦੇ ਹਨ। ਜਿਸ ਸਬੰਧੀ ਅੱਜ ਆਗੂਆਂ ਨੇ ਫੈਕਟਰੀ ਅੱਗੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਇਸ ਮਸਲਿਆਂ ਦਾ ਹੱਲ ਨਾ ਕੀਤਾ ਤਾਂ 27 ਫਰਵਰੀ ਨੂੰ ਫੈਕਟਰੀ ਦੇ ਅੱਗੇ ਵੱਡਾ ਇਕੱਠ ਕਰ ਕੇ ਜਥੇਬੰਦੀ ਵੱਲੋਂ ਧਰਨਾ ਦਿੱਤਾ ਜਾਵੇਗਾ।