ਕਿਸਾਨਾਂ ਨੇ ਸਰਕਾਰ ਦੀ ਅਰਥੀ ਫੂਕ ਕੇ ਕੀਤੀ ਨਾਅਰੇਬਾਜ਼ੀ
ਕਿਸਾਨਾਂ ਨੇ ਸਰਕਾਰ ਦੀ ਅਰਥੀ ਫੂਕ ਕੇ ਨਾਅਰੇਬਾਜ਼ੀ ਕੀਤੀ
Publish Date: Thu, 19 Feb 2026 03:56 PM (IST)
Updated Date: Fri, 20 Feb 2026 04:01 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਦਿੜ੍ਹਬਾ ਦੇ 20 ਪਿੰਡਾ ਵੱਲੋਂ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕੇ ਗਏ। ਬਲਾਕ ਪ੍ਰਧਾਨ ਪ੍ਰਧਾਨ ਹਰਜੀਤ ਸਿੰਘ ਮਹਿਲਾ ਅਤੇ ਅਮਨਦੀਪ ਸਿੰਘ ਮਹਿਲਾ ਨੇ ਦੱਸਿਆ ਕੇ ਬਠਿੰਡਾ ਡੀਸੀ ਦਫ਼ਤਰ ਅੱਗੇ ਧਰਨਾ ਲਗਾਉਣ ਜਾ ਰਹੇ ਕਿਸਾਨਾਂ ਤੇ ਪੰਜਾਬ ਸਰਕਾਰ ਵੱਲੋਂ ਪੁਲਿਸ ਦੀਆਂ ਧਾੜਾਂ ਚਾੜ ਕੇ ਦਹਿਸ਼ਤ ਵਰਗਾ ਮਾਹੌਲ ਪੈਦਾ ਕੀਤਾ ਗਿਆ। ਕਿਸਾਨ ਆਗੂਆਂ ਦੀ ਘਰਾਂ ਵਿਚ ਗ੍ਰਿਫ਼ਤਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਆਗੂ ਪੁਲਿਸ ਦੇ ਹੱਥ ਨਹੀਂ ਲੱਗਿਆ ਤੇ ਪਿੰਡਾਂ ਵਿਚ ਇਕੱਠੇ ਹੋਏ ਲੋਕਾਂ ਨੂੰ ਖਦੇੜਨ ਵਾਸਤੇ ਲਾਠੀ ਚਾਰਜ ਕੀਤਾ ਗਿਆ। ਪਿੰਡ ਜਿਉਂਦ ਵਿਖੇ ਅੱਥਰੂ ਗੈਸ ਦੇ ਗੋਲੇ ਚਲਾਏ ਗਏ ਇਕ ਨੌਜਵਾਨ ਦੀ ਲੱਤ ਤੋੜ ਦਿੱਤੀ ਅਤੇ ਇਕ ਨੌਜਵਾਨ ਦਾ ਅੱਥਰੂ ਗੈਸ ਦੇ ਗੋਲੇ ਨਾਲ ਹੱਥ ਫਟ ਗਿਆ। ਕਿਉਂਕਿ ਪਿਛਲੇ ਇਕ ਸਾਲ ਤੋਂ ਸ਼ਗਨਦੀਪ ਸਿੰਘ ਜਿਉਂਦ ਤੇ ਬਲਦੇਵ ਸਿੰਘ ਚਾਉਕੇ ਤੇ ਝੂਠਾ ਪਰਚਾ ਦਰਜ ਕਰ ਕੇ ਪਿਛਲੇ ਇਕ ਸਾਲ ਤੋਂ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ। ਜਿਨ੍ਹਾਂ ਨੂੰ ਜਮਾਨਤ ਤਕ ਨਹੀਂ ਦਿੱਤੀ ਜਾ ਰਹੀ ਸੀ, ਅੱਜ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਸ਼ਗਨਦੀਪ ਜਿਉਂਦ ਤੇ ਬਲਦੇਵ ਸਿੰਘ ਚਾਉਕੇ ਨੂੰ ਜਮਾਨਤ ’ਤੇ ਰਿਹਾ ਕਰ ਦਿੱਤਾ ਗਿਆ ਹੈ। ਇਹ ਲੋਕ ਏਕਤਾ ਦੀ ਵੱਡੀ ਜਿੱਤ ਹੈ। ਕਿਉਂਕਿ ਜੇਕਰ ਲੋਕਾਂ ’ਤੇ ਜ਼ਬਰ ਕਰ ਕੇ ਰਾਜ ਕੀਤਾ ਜਾਂਦਾ ਤਾਂ ਅੰਗਰੇਜ਼ਾਂ ਦਾ ਰਾਜ ਖ਼ਤਮ ਨਹੀਂ ਹੋਣਾ ਸੀ। ਇਸ ਕਰ ਕੇ ਭਗਵੰਤ ਮਾਨ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਆਉਣ ਵਾਲੇ ਸਮੇਂ ਵਿਚ ਇਸ ਜ਼ਬਰ ਦਾ ਲੋਕ ਹਿਸਾਬ ਕਿਤਾਬ ਜ਼ਰੂਰ ਕਰਨਗੇ। ਇਸ ਮੌਕੇ ਜਗਦੀਪ ਸਿੰਘ ਮਹਿਲਾ, ਹਰਬੰਸ ਸਿੰਘ ਦਿੜ੍ਹਬਾ, ਜਸਵੰਤ ਸਿੰਘ ਸਮੂਰਾ, ਮਿਸ਼ਰਾ ਸਿੰਘ ਨਿਹਾਲਗੜ੍ਹ, ਜੋਗਿੰਦਰ ਸਿੰਘ ਖੇੜੀ ਨਾਂਗਾ, ਮੇਜਰ ਸਿੰਘ ਕੌਹਰੀਆਂ ਹਾਜ਼ਰ ਸਨ।