ਸੀਐੱਮ ਦੀ ਰਿਹਾਇਸ਼ ਅੱਗੇ ਕਿਸਾਨਾਂ ਨੇ ਕੱਢੀ ਭੜਾਸ
ਸੀਐੱਮ ਕੋਠੀ ਅੱਗੇ ਕਿਸਾਨਾਂ ਕੀਤਾ ਰੋਸ ਪ੍ਰਦਰਸ਼ਨ
Publish Date: Thu, 05 Feb 2026 07:48 PM (IST)
Updated Date: Fri, 06 Feb 2026 04:09 AM (IST)

ਮੋਰਚਿਆਂ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਕਰੇ ਪੰਜਾਬ ਸਰਕਾਰ : ਜਸਵਿੰਦਰ ਲੌਂਗੋਵਾਲ ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਮੁੱਖ ਮੰਤਰੀ ਦੀ ਕੋਠੀ ਮੂਹਰੇ ਕੁਲਵਿੰਦਰ ਸੋਨੀ ਲੌਂਗੋਵਾਲ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਆਪਣੀ ਭੜਾਸ ਕੱਢੀ। ਇਸ ਮੌਕੇ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਸ਼ਹਿ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਮਜ਼ਦੂਰਾਂ ਦੀ ਸਮੁੱਚੀ ਕਰਜ਼ਾ-ਮੁਕਤੀ ਨੂੰ ਲੈ ਕੇ ਸ਼ੰਭੂ ਤੇ ਖਨੌਰੀ ਦਾ ਮੋਰਚਾ ਕੇਂਦਰ ਸਰਕਾਰ ਦੇ ਵਿਰੁੱਧ ਲਾਇਆ ਸੀ। ਕੇਂਦਰ ਸਰਕਾਰ ਵੱਲੋਂ ਮੋਰਚੇ ’ਤੇ ਤਸ਼ੱਦਦ ਕਰਨ ਸਮੇਂ ਜਿਹੜਾ ਮੁੱਖ ਮੰਤਰੀ ਕੇਂਦਰ ਸਰਕਾਰ ਨੂੰ ਕਹਿੰਦਾ ਸੀ ਕਿ ਜੇ ਪੰਜਾਬ ਦੇ ਕਿਸਾਨ ਦਿੱਲੀ ਨਾ ਜਾਣ ਹੋਰ ਕੀ ਪਾਕਿਸਤਾਨ ਜਾਣ, ਉਹੀ ਮੁੱਖ ਮੰਤਰੀ ਨੂੰ ਸਵਾ ਸਾਲ ਬਾਅਦ ਕੇਂਦਰ ਸਰਕਾਰ ਦੀ ਝੋਲੀ ਵਿੱਚ ਪੈ ਕੇ ਸ਼ੰਭੂ ਤੇ ਖਨੌਰੀ ਮੋਰਚੇ ਨੂੰ ਉਜਾੜਿਆ ਗਿਆ ਤੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰ ਕੇ ਲਗਪਗ ਕਿਸਾਨਾਂ ਦਾ 4 ਕਰੋੜ ਦੇ ਕਰੀਬ ਟਰਾਲੀਆਂ ਸਾਧਨਾਂ ਭਾਂਡਿਆਂ ਦਾ ਨੁਕਸਾਨ ਕੀਤਾ। ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰ ਕੇ ਖੁਰਦ-ਬੁਰਦ ਕੀਤੀਆਂ। ਇਸ ਸਾਰੇ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਤੋਂ ਕੀਤੀ ਜਾਵੇਗੀ। ਬਿਜਲੀ ਬਿੱਲ 2025 ਜਿਹਦੇ ਨਾਲ ਕਿਸਾਨਾਂ ਤੇ ਗਰੀਬ ਲੋਕਾਂ ਦੇ ਕੋਲੋਂ ਬਿਜਲੀ ਪੂਰੀ ਤਰ੍ਹਾਂ ਪਹੁੰਚ ਤੋਂ ਬਾਹਰ ਹੋ ਜਾਵੇਗੀ ਕਿਉਂਕਿ ਬਿਜਲੀ ਦਾ ਖੇਤਰ ਪੂਰੀ ਤਰ੍ਹਾਂ ਕਾਰਪੋਰੇਟ ਅਧੀਨ ਚਲਿਆ ਜਾਵੇਗਾ। ਫਿਰ ਕਾਰਪੋਰੇਟ ਘਰਾਣੇ ਮਹਿੰਗੇ ਭਾਅ ਦੇ ਉੱਪਰ ਬਿਜਲੀ ਜਿਹੜੀ ਲੋਕਾਂ ਨੂੰ ਮਨਮਰਜ਼ੀ ਦੇ ਭਾਅ ਵੇਚਣਗੇ ਤੇ ਖੇਤਾਂ ਦੀ ਬਿਜਲੀ ਤੇ ਮਿਲਦੀ ਸਬਸਿਡੀ ਇਹ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਸੂਬਾ ਆਗੂ ਬਲਜੀਤ ਕੌਰ ਕਿਲ੍ਹਾ ਭਰੀਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਅਮਰੀਕਾ ਨਾਲ ਫਰੀ ਟਰੇਡ ਸਮਝੌਤਾ ਕਰ ਕੇ ਭਾਰਤ ਤੇ ਪੰਜਾਬ ਦੀ ਕਿਸਾਨੀ ਨੂੰ ਤਬਾਹੀ ਦੇ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਖਾਸ ਕਰ ਪੰਜਾਬ ਵਿੱਚ ਲੋਕਾਂ ਦਾ ਇੱਕੋ-ਇੱਕ ਰੁਜ਼ਗਾਰ ਡੇਅਰੀ ਤੇ ਦੁੱਧ ਦਾ ਕਾਰੋਬਾਰ ਬਿਲਕੁੱਲ ਖ਼ਤਮ ਹੋ ਜਾਵੇਗਾ। ਜੇ ਸ਼ੰਭੂ ਖਨੌਰੀ ਬਾਰਡਰ ਦੇ ਨੁਕਸਾਨ ਦੀ ਭਰਪਾਈ ਦੀ ਮੰਗ ’ਤੇ ਕਿਸਾਨਾਂ ਉੱਪਰ ਪਾਏ ਪਰਾਲੀ ਦੇ ਪਰਚੇ ਰੱਦ ਕਰਨ, ਕਿਸਾਨ ਆਗੂਆਂ ’ਤੇ ਪਾਏ ਝੂਠੇ ਕੇਸ ਰੱਦ ਕਰਨ ਸਮੇਤ ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ੇ ਤੇ ਨੌਕਰੀਆਂ ਦੇਣ ਦੀਆਂ ਮੰਗਾਂ, ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਦਾ ਕੋਈ ਠੋਸ ਹੱਲ ਨਾ ਕੀਤਾ ਤਾਂ ਕਿਸਾਨ-ਮਜ਼ਦੂਰ ਮੋਰਚੇ ਵੱਲੋਂ ਕਰੜਾ ਰੁਖ ਅਖਤਿਆਰ ਕਰ ਕੇ ਆਰ-ਪਾਰ ਦੀ ਲੜਾਈ ਪੰਜਾਬ ਸਰਕਾਰ ਵਿਰੁੱਧ ਵਿੱਢੀ ਜਾਵੇਗੀ। ਇਸ ਮੌਕੇ ਜ਼ਿਲਾ ਆਗੂ ਜਸਵੀਰ ਮੈਦੇਵਾਸ, ਹੈਪੀ ਨਮੋਲ, ਸੰਤ ਰਾਮ ਛਾਜਲੀ, ਰਾਜਪਾਲ ਮੰਗਵਾਲ, ਹਰਦੇਵ ਕੁਲਾਰ, ਸੁਖਵਿੰਦਰ ਪੇਧਨੀ ਮੌਜੂਦ ਸਨ।