ਕਣਕ ਦੀ ਖ਼ਰੀਦ ਨਾ ਹੋਣ ਤੋਂ ਨਰਾਜ਼ ਕਿਸਾਨਾਂ ਨੇ ਲਾਇਆ ਧਰਨਾ
ਕਣਕ ਦੀ ਖਰੀਦ ਨਾ ਹੋਣ ਤੋਂ ਨਰਾਜ਼ ਕਿਸਾਨਾਂ ਨੇ ਲਾਇਆ ਧਰਨਾ
Publish Date: Tue, 14 Apr 2026 03:59 PM (IST)
Updated Date: Wed, 15 Apr 2026 04:00 AM (IST)

ਕਿਹਾ-ਸਰਕਾਰ ਦੀ ਬੇਰੁਖੀ ਕਾਰਨ ਮੰਡੀਆਂ ’ਚ ਰੁਲ ਰਿਹਾ ਅੰਨਦਾਤਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਕਣਕ ਦੀ ਖਰੀਦ ਨਾ ਹੋਣ ਤੋਂ ਨਾਰਾਜ਼ ਕਿਸਾਨਾਂ ਨੇ ਸੁਨਾਮ ਦੀ ਅਨਾਜ ਮੰਡੀ ’ਚ ਸੰਕੇਤਕ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਕੁਦਰਤੀ ਕਰੋਪੀ ਦੇ ਝੰਬੇ ਕਿਸਾਨ ਹੁਣ ਮੰਡੀਆਂ ’ਚ ਰੁਲਣ ਲਈ ਮਜ਼ਬੂਰ ਹੋ ਰਹੇ ਹਨ। ਮੰਗਲਵਾਰ ਨੂੰ ਸੁਨਾਮ ਦੀ ਨਵੀਂ ਅਨਾਜ ਮੰਡੀ ਵਿਖੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਸਿੰਘ ਮਾਣਕ, ਰਾਮ ਸ਼ਰਨ ਸਿੰਘ ਉਗਰਾਹਾਂ, ਯਾਦਵਿੰਦਰ ਸਿੰਘ ਚੱਠੇ ਨਕਟੇ ਅਤੇ ਗੁਰਤੇਜ ਸਿੰਘ ਮੈਦੇਵਾਸ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਬੇਰੁਖੀ ਕਾਰਨ ਅੰਨਦਾਤਾ ਕਣਕ ਵੇਚਣ ਲਈ ਮੰਡੀਆਂ ਵਿੱਚ ਰੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੁਦਰਤੀ ਕਰੋਪੀ ਦੇ ਚੱਲਦਿਆਂ ਪੰਜਾਬ ਦੇ ਖਾਸੇ ਹਿੱਸੇ ਵਿੱਚ ਗੜ੍ਹੇਮਾਰੀ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਤਬਾਹ ਕਰ ਦਿੱਤੀ ਗਈ ਹੈ ਹੁਣ ਸਰਕਾਰ ਮੰਡੀਆਂ ’ਚ ਕਣਕ ਦੀ ਖਰੀਦ ਨਹੀਂ ਕਰ ਰਹੀ, ਮਾਜੂ ਦਾਣੇ ਦਾ ਬਹਾਨਾ ਬਣਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਣਕ ਦੀ ਖ਼ਰੀਦ ਸਬੰਧੀ ਕੋਰਾ ਝੂਠ ਬੋਲ ਰਹੀ ਹੈ। ਪਹਿਲੀ ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਜਾਂਦੀ ਹੈ ਲੇਕਿਨ ਹੁਣ ਅਪ੍ਰੈਲ ਦਾ ਅੱਧਾ ਮਹੀਨਾ ਲੰਘ ਚੁੱਕਾ ਹੈ, ਕਣਕ ਦਾ ਇਕ ਵੀ ਗੱਟਾ ਨਹੀਂ ਖਰੀਦਿਆ ਗਿਆ। ਉਨ੍ਹਾਂ ਆਖਿਆ ਸਰਕਾਰ ਦੇ ਮੰਤਰੀ ਤੇ ਵਿਧਾਇਕ ਇਕ ਅੱਧੀ ਢੇਰੀ ਦੀ ਬੋਲੀ ਕਰਵਾਕੇ ਫੋਟੋਆਂ ਲਗਵਾਉਣ ਤੱਕ ਸੀਮਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਣਕ ਦੀ ਖਰੀਦ ਨੂੰ ਸੁਚਾਰੂ ਨਾ ਬਣਾਇਆ ਤਾਂ ਮੰਡੀਆਂ ਵਿੱਚ ਪੱਕੇ ਧਰਨੇ ਲਾਏ ਜਾਣਗੇ।