ਫ਼ਸਲ ਤੋਂ ਚੰਗਾ ਝਾੜ ਲੈਣ ਸਬੰਧੀ ਲਗਾਈ ਕਿਸਾਨ ਗੋਸ਼ਟੀ
ਫ਼ਸਲ ਤੋਂ ਚੰਗਾ ਝਾੜ ਲੈਣ ਸਬੰਧੀ ਲਗਾਈ ਕਿਸਾਨ ਗੋਸ਼ਟੀ
Publish Date: Mon, 09 Feb 2026 05:48 PM (IST)
Updated Date: Tue, 10 Feb 2026 04:06 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੇ ਮੌਜੂਦਾ ਕਣਕ ਨੂੰ ਵਧੇਰੇ ਗਰਮੀ ਤੋਂ ਬਚਾਅ, ਕੀੜ੍ਹੇ-ਮਕੌੜਿਆਂ ਅਤੇ ਬਿਮਾਰੀਆਂ ਦੀ ਸਰਵ-ਪੱਖੀ ਰੋਕਥਾਮ, ਭੂਮੀ ਸਿਹਤ ਸੁਧਾਰ ਸਬੰਧੀ ਨੁਕਤੇ ਆਦਿ ਤੇ ਪਿੰਡ ਸਕਰੌਦੀ ਵਿਖੇ ਕਿਸਾਨ ਗੋਸ਼ਟੀ ਲਗਾਈ ਗਈ। ਕੇਂਦਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਗਰਗ ਨੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵਧੇਰੇ ਤਾਪਮਾਨ ਤੋਂ ਬਚਾਅ ਲਈ ਕਣਕ ਦੀ ਫ਼ਸਲ ਤੇ ਪੋਟਾਸ਼ੀਅਮ ਨਾਈਟ੍ਰੇਟ ਦੇ ਛਿੜਕਾਅ ਸਬੰਧੀ ਜਾਣਕਾਰੀ ਦਿੱਤੀ। ਵੱਧ ਗਰਮੀ ਕਾਰਨ ਦਾਣੇ ਮਾਜੂ ਰਹਿ ਜਾਂਦੇ ਹਨ : ਡਾ. ਅਸ਼ੋਕ ਉਹਨਾਂ ਦੱਸਿਆ ਕਿ ਲੋੜੀਂਦੇ ਤਾਪਮਾਨ ਤੋਂ ਵੱਧ ਗਰਮੀ ਕਣਕ ਦੀ ਫ਼ਸਲ ਲਈ ਹਾਨੀਕਾਰਕ ਹੋ ਸਕਦੀ ਹੈ, ਇਸ ਨੂੰ ਗਰਮੀ ਦਾ ਤਣਾਅ ਜਾਂ ਹੀਟ ਸਟਰੈੱਸ ਕਹਿੰਦੇ ਹਨ। ਵੱਧ ਗਰਮੀ ਕਰਕੇ ਦਾਣੇ ਭਰਨ ਸਮੇਂ ਕਣਕ ਪਹਿਲਾਂ ਪੱਕ ਜਾਂਦੀ ਹੈ ਅਤੇ ਦਾਣੇ ਮਾਜੂ ਰਹਿ ਜਾਂਦੇ ਹਨ ਅਤੇ ਸੋਕੇ ਕਾਰਨ ਦਾਣਿਆਂ ਦਾ ਭਾਰ ਘੱਟ ਜਾਂਦਾ ਹੈ। ਇਸ ਤਣਾਅ ਉੱਪਰ ਕਾਬੂ ਪਾਉਣ ਲਈ ਪੋਟਾਸ਼ ਤੱਤ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਪੀ.ਏ.ਯੂ. ਲੁਧਿਆਣਾ ਦੁਆਰਾ ਕਣਕ ਦੀ ਫ਼ਸਲ ਨੂੰ ਅਖੀਰਲੇ ਗਰਮੀ ਦੇ ਤਣਾਅ ਤੋਂ ਬਚਾਉਣ ਲਈ ਦਾਣੇ ਭਰਨ ਸਮੇਂ ਅਤੇ ਵੱਧ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ (4 ਕਿੱਲੋ 13:0:45 ਨੂੰ 200 ਲਿਟਰ ਪਾਣੀ ਵਿੱਚ) ਦੇ ਦੋ ਛਿੜਕਾਅ ਪਹਿਲਾਂ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਹਨਾਂ ਛਿੜਕਾਵਾਂ ਨਾਲ ਦਾਣਿਆਂ ਦੇ ਵਜ਼ਨ ਅਤੇ ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ ਵੱਧਣ ਨਾਲ ਕਣਕ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਗੋਸ਼ਟੀ ਤੋਂ ਬਾਅਦ ਬੇਅੰਤ ਸਿੰਘ ਅਤੇ ਹੋਰ ਕਿਸਾਨਾਂ ਦੇ ਕਣਕ ਅਤੇ ਮਨਜਿੰਦਰ ਸਿੰਘ ਦੇ ਪਿਆਜ਼ ਦੇ ਖੇਤਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਮੌਕੇ ਤੇ ਹੀ ਕਿਸਾਨਾਂ ਦੀਆਂ ਖੇਤੀ ਸਬੰਧੀ ਮੁਸ਼ਕਿਲਾਂ ਦੇ ਹੱਲ ਵੀ ਦੱਸੇ ਗਏ।