ਕਿਸਾਨਾਂ ਨੇ ਦੂਜੇ ਦਿਨ ਵੀ ਪਿੰਡਾਂ ’ਚ ਕੀਤਾ ਗੱਡੀਆ ਰਾਹੀ ਮਾਰਚ
ਕਿਸਾਨਾਂ ਨੇ ਦੂਜੇ ਦਿਨ ਵੀ ਪਿੰਡਾਂ ’ਚ ਕੀਤਾ ਗੱਡੀਆ ਰਾਹੀ ਮਾਰਚ
Publish Date: Sat, 03 Jan 2026 05:26 PM (IST)
Updated Date: Sun, 04 Jan 2026 04:08 AM (IST)

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਬਿਜਲੀ ਸੋਧ ਬਿੱਲ ਖ਼ਿਲਾਫ਼ ਜਾਗਰੂਕਤਾ ਮੁਹਿੰਮ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦੂਜੇ ਦਿਨ ਬਲਾਕ ਸੰਗਰੂਰ ਵੱਲੋਂ ਕੇਂਦਰ ਸਰਕਾਰ ਦੇ ਲਾਗੂ ਕੀਤੇ ਕਿਸਾਨ ਮਜ਼ਦੂਰ ਤੇ ਲੋਕ ਵਿਰੋਧੀ ਕਾਨੂੰਨਾਂ ਖ਼ਿਲਾਫ਼ ਬਲਾਕ ਦੇ ਲਗਭਗ ਡੇਢ ਦਰਜ਼ਨ ਪਿੰਡਾਂ ਵਿਚ ਗੱਡੀਆਂ ਰਾਹੀਂ ਸਪੀਕਰ ਲਾ ਕੇ ਮਾਰਚ ਕੀਤਾ ਗਿਆ। ਮਸਤੂਆਣਾ ਸਹਿਬ ਤੋਂ ਮਾਰਚ ਸ਼ੁਰੂ ਕਰਨ ਸਮੇਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ, ਬਲਾਕ ਜਰਨਲ ਸਕੱਤਰ ਜਗਤਾਰ ਸਿੰਘ ਲੱਡੀ ਅਤੇ ਬਲਾਕ ਭਵਾਨੀਗੜ ਜਨਰਲ ਸਕੱਤਰ ਜਸਵੀਰ ਸਿੰਘ ਗੱਗੜਪੁਰ, ਭਾਕਿਯੂ ਡਕੌਂਦਾ ਦੇ ਜਗਤਾਰ ਸਿੰਘ ਦੁੱਗਾਂ, ਮੱਖਣ ਸਿੰਘ ਦੁੱਗਾਂ, ਭਾਕਿਯੂ ਡਕੌਂਦਾ ਦੇ ਸਤਨਾਮ ਸਿੰਘ ਕਿਲਾ ਭਰੀਆਂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਪ੍ਰਧਾਨ ਮਨਿੰਦਰ ਸਿੰਘ ਅਤੇ ਬਲਾਕ ਜਨਰਲ ਸਕੱਤਰ ਦਰਸ਼ਨ ਸਿੰਘ ਕੁੰਨਰਾ ਨੇ ਕਿਹਾ ਕਿ 16 ਜਨਵਰੀ ਨੂੰ ਬਿਜਲੀ ਬੋਰਡ ਦੇ ਐਸੀ ਦਫ਼ਤਰਾਂ ਅੱਗੇ ਲੱਗਣ ਵਾਲੇ ਧਰਨਿਆਂ ਸਬੰਧੀ ਜਾਗਰੂਕ ਕਰਨ ਲਈ ਪਿੰਡਾਂ ਵਿਚ ਮਾਰਚ ਕੀਤੇ ਜਾ ਰਹੇ ਹਨ ਕਿਉਂਕਿ ਕੇਂਦਰ ਸਰਕਾਰ ਵੱਲੋਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਲਈ ਲਿਆਂਦੇ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਪਹਿਲਾਂ ਹੀ ਆਰਥਿਕ ਸੰਕਟ ਵਿਚ ਫਸੀ ਕਿਸਾਨੀ ਮਜ਼ਦੂਰ ਤੇ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਝਿੰਜੋੜ ਕੇ ਰੱਖ ਦੇਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮਨਰੇਗਾ ਕਾਨੂੰਨ ਨੂੰ ਖ਼ਤਮ ਕਰ ਕੇ ਜੀ ਰਾਮ ਜੀ ਬਿੱਲ ਪਾਸ ਕਰਨ ਅਤੇ ਪੰਜਾਬ ਪੁਲਿਸ ਵੱਲੋਂ ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ। ਕਿਸਾਨਾਂ ਨੇ ਪਿੰਡ ਮੰਡੇਰ ਕਲਾਂ ਵਿਖੇ ਨਾਰਿਆਂ ਨਾਲ ਮਾਰਚ ਸਮਾਪਤ ਕੀਤਾ।