ਕਿਸਾਨਾਂ ਨੇ ਘਰੇਲੂ ਬਿਜਲੀ ਸਪਲਾਈ ਦੇ ਸਮਾਰਟ ਮੀਟਰ ਪੁੱਟੇ
ਕਿਸਾਨਾਂ ਨੇ ਘਰੇਲੂ ਬਿਜਲੀ ਸਪਲਾਈ ਦੇ ਸਮਾਰਟ ਮੀਟਰ ਪੁੱਟੇ
Publish Date: Thu, 22 Jan 2026 05:29 PM (IST)
Updated Date: Fri, 23 Jan 2026 04:07 AM (IST)

ਪਾਵਰਕਾਮ ਦੇ ਦਫ਼ਤਰਾਂ ਚ, ਕਰਵਾਏ ਜਮ੍ਹਾਂ ਕਿਸਾਨ ਮਜ਼ਦੂਰ ਮੋਰਚੇ ਨੇ ਮੀਟਰ ਪੁੱਟਣ ਦਾ ਦਿੱਤਾ ਸੀ ਸੱਦਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤਹਿਤ ਵੀਰਵਾਰ ਨੂੰ ਲੌਂਗੋਵਾਲ ਇਲਾਕੇ ਵਿੱਚੋਂ ਘਰੇਲੂ ਬਿਜਲੀ ਸਪਲਾਈ ਵਾਲੇ ਚਿੱਪ ਵਾਲੇ ਸਮਾਰਟ ਮੀਟਰ ਪੱਟਕੇ ਪਾਵਰਕਾਮ ਦੇ ਦਫ਼ਤਰਾਂ ਵਿਚ ਜਮ੍ਹਾਂ ਕਰਵਾਏ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਅੱਜ ਸੰਗਰੂਰ ਜ਼ਿਲ੍ਹੇ ਦੇ ਵਿਚ ਚਲਾਈ ਮੁਹਿੰਮ ਦੇ ਤਹਿਤ ਤਕਰੀਬਨ 600 ਦੇ ਕਰੀਬ ਸਮਾਰਟ ਮੀਟਰ ਪੱਟਕੇ ਸਬ ਡਵੀਜਨਾਂ ਵਿਚ ਜਮ੍ਹਾਂ ਕਰਨਵਾਏ ਗਏ, ਕੁੱਝ ਥਾਵਾਂ ’ਤੇ ਸ਼ੁੱਕਰਵਾਰ ਨੂੰ ਜਮ੍ਹਾਂ ਕਰਵਾਏ ਜਾਣਗੇ। ਜਥੇਬੰਦੀ ਦੇ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਉਸੋਨੀ ਲੌਂਗੋਵਾਲ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਬਲਾਕ ਸੰਗਰੂਰ, ਲਹਿਰਾ, ਸੁਨਾਮ, ਮੂਨਕ ਦੇ ਪਿੰਡਾਂ ਦੇ ਵਿੱਚੋਂ ਖਪਤਕਾਰਾਂ ਦੀ ਸਹਿਮਤੀ ਦੇ ਨਾਲ ਬਿਜਲੀ ਦੇ ਸਮਾਰਟ ਮੀਟਰ ਪੱਟਕੇ ਸਿੱਧੀਆਂ ਤਾਰਾਂ ਜੋੜਕੇ ਖਪਤਕਾਰਾਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਕਿਸੇ ਕਿਸਮ ਦੇ ਜੁਰਮਾਨੇ ਅਧਿਕਾਰੀਆਂ ਨੂੰ ਨਹੀਂ ਕਰਨ ਦਿੱਤੇ ਜਾਣਗੇ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਧੱਕਾ ਕਰਦੀ ਹੈ ਤਾਂ ਜਥੇਬੰਦੀ ਹਿੱਕ ਡਾਹਕੇ ਖਪਤਕਾਰਾਂ ਦੇ ਅੱਗੇ ਖੜ੍ਹੇਗੀ। ਕਿਉਂਕਿ ਇਹ ਬਿਜਲੀ ਬਿੱਲ 2025 ਦੇ ਲਾਗੂ ਹੋਣ ਨਾਲ ਗਰੀਬ ਲੋਕਾਂ ਦੇ ਘਰਾਂ ਦੇ ਵਿੱਚੋਂ ਜਗਦੇ ਬੱਲਬ ਤੇ ਲੋਕਾਂ ਦੇ ਜਿਉਣ ਦਾ ਸਾਂਹ ਬਣ ਚੁੱਕੀ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਕੋਹਾਂ ਦੂਰ ਹੋ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਦਾ ਵੀ ਬਿਜਲੀ ਬਿੱਲ 2025 ਨੂੰ ਵਿਸ਼ੇਸ਼ ਸਦਨ ਸੱਦ ਕੇ ਰੱਦ ਨਾ ਕਰਨਾ ’ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਤੇ ਮੋਰਚੇ ’ਤੇ ਪੁਲਿਸ ਜਬਰ ਕਰਨਾ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ।ਲੋਕਾਂ ਦੀ ਹਿਤੈਸ਼ੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਿਲ ਨੂੰ ਪੰਜਾਬ ਚ ਲਾਗੂ ਕਰਾਕੇ ਲੋਕਾਂ ਦਾ ਗਲ਼ਾ ਘੁੱਟਣਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਪਿੰਡਾਂ ਦੇ ਵਿੱਚ ਜਥੇਬੰਦੀ ਦੇ ਆਗੂਆਂ ਕੋਲ ਲੋਕ ਮੀਟਰ ਪੁੱਟਣ ਲਈ ਵੱਡੀ ਪੱਧਰ ਤੇ ਪਹੁੰਚ ਕਰ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਵੀ ਮੀਟਰ ਪੱਟਣ ਦੀ ਬੇਨਤੀ ਲੈਕੇ ਆਉਣ ਵਾਲੇ ਪਰਿਵਾਰਾਂ ਦੇ ਮੀਟਰ ਪੱਟ ਕੇ ਜਮਾਂ ਕਰਵਾਏ ਜਾਣਗੇ।