ਕੇਬਲ ਤਾਰ ਚੋਰਾਂ ਦੇ ਸਤਾਏ ਕਿਸਾਨਾਂ ਨੇ ਕੀਤਾ ਥਾਣੇ ਮੂਹਰੇ ਰੋਸ ਪ੍ਰਗਟ
ਕੇਬਲ ਤਾਰ ਚੋਰਾਂ ਦੇ ਸਤਾਏ ਕਿਸਾਨਾਂ ਨੇ ਕੀਤਾ ਥਾਣੇ ਮੂਹਰੇ ਰੋਸ ਪ੍ਰਗਟ
Publish Date: Sat, 03 Jan 2026 05:30 PM (IST)
Updated Date: Sun, 04 Jan 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਖੇਤਾਂ ਵਿਚ ਲੱਗੀਆਂ ਸਬਮਰਸੀਬਲ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਵਾਲੇ ਗਰੋਹ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਲਗਾਤਾਰ ਬੇਖੌਫ ਹੋਕੇ ਕੇਬਲਾਂ ਚੋਰੀ ਕਰ ਰਹੇ ਹਨ। ਪਿਛਲੇ ਕੁੱਝ ਹੀ ਮਹੀਨਿਆਂ ’ਚ ਮੂਣਕ ਥਾਣੇ ਨਾਲ ਸੰਬੰਧਿਤ ਵੱਖ-ਵੱਖ ਪਿੰਡਾਂ ਚੋਂ ਸੈਕੜੇ ਮੋਟਰਾਂ ਦੀਆਂ ਤਾਰਾਂ ਕੱਟ ਕੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਕੀਤਾ ਹੈ ਜਿਸ ਨੂੰ ਲੈ ਕੇ ਅੱਜ ਪਿੰਡ ਡੂਡੀਆਂ, ਮੂਨਕ ਤੋਂ ਸੈਂਕੜੇ ਕਿਸਾਨਾਂ ਨੇ ਮੂਨਕ ਥਾਣੇ ਅੱਗੇ ਪਹੁੰਚ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਆਗੂ ਲਖਵਿੰਦਰ ਸਿੰਘ ਡੂਡੀਆਂ, ਰਿੰਕੂ ਮੂਨਕ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਡੂਡੀਆਂ ਵਿਖੇ 5 ਤੇ ਮੂਨਕ ਵਿਖੇ ਕਰੀਬ 15 ਮੋਟਰਾਂ ਦੀਆਂ ਤਾਰਾਂ ਕੱਟੀਆਂ ਗਈਆਂ ਹਨ, ਇਸ ਤੋਂ ਪਹਿਲਾਂ ਵੀ ਪਿੰਡ ਭੁਟਾਲ ਖੁਰਦ, ਡੂਡੀਆਂ, ਮੂਨਕ, ਸਲੇਮਗੜ੍ਹ ਦੇ ਖੇਤਾਂ ’ਚੋਂ ਸੈਂਕੜੇ ਮੋਟਰਾਂ ਦੀਆਂ ਕੇਬਲਾਂ ਚੋਰਾਂ ਵੱਲੋਂ ਕੱਟੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੇਬਲ ਕੱਟੇ ਜਾਣ ਨਾਲ ਕਿਸਾਨਾਂ ਨੂੰ ਨਵੀਂ ਕੇਬਲ ਤਾਰ ਖਰੀਦਣ, ਮਿਸਤਰੀ ਦੀ ਲੇਬਰ ਤੇ ਘੜੂਕੇ ਵਗੈਰਾ ’ਤੇ ਹਜ਼ਾਰਾਂ ਰੁਪਏ ਖਰਚਣੇ ਪੈਂਦੇ ਹਨ। ਕੇਬਲਾਂ ਚੋਰੀ ਹੋਣ ਦੀ ਰਿਪੋਰਟ ਥਾਣੇ ਵਿਚ ਦਿੱਤੀ ਜਾਂਦੀ ਹੈ ਪਰ ਪੁਲਿਸ ਪ੍ਰਸ਼ਾਸਨ ਦੇ ਹੱਥ ਖਾਲੀ ਦੇ ਖਾਲੀ ਰਹਿੰਦੇ ਹਨ। ਜਿਸਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਪਿੰਡ ਡੂਡੀਆਂ ਤੋਂ ਕੇਬਲਾਂ ਕੱਟਣ ਵਾਲਿਆਂ ਦੀ ਪਿੰਡ ਹਮੀਰਗੜ੍ਹ ਪਹੁੰਚਣ ਦੀ ਸੀਸੀਟੀਵੀ ਵੀ ਪੁਲਿਸ ਪ੍ਰਸ਼ਾਸਨ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਥਾਣਾ ਮੁਖੀ ਨੇ ਚੋਰਾਂ ਨੂੰ ਕਾਬੂ ਕਰਨ ਲਈ ਦੋ ਦਿਨ ਦਾ ਸਮਾਂ ਮੰਗਿਆ ਹੈ ਤੇ ਜੇਕਰ ਪੁਲਿਸ ਵੱਲੋਂ ਦੋ ਦਿਨਾਂ ਦੇ ਅੰਦਰ ਚੋਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਨਾਂ ਦਿੱਤਾ ਗਿਆ ਤਾਂ ਜਥੇਬੰਦੀ ਕਿਸਾਨਾਂ ਨੂੰ ਨਾਲ ਲੈ ਕੇ ਵੱਡਾ ਧਰਨਾ ਪ੍ਰਦਰਸ਼ਨ ਕਰਨ ਤੋਂ ਗਰੇਜ ਨਹੀਂ ਕਰੇਗੀ। ਇਸ ਮੌਕੇ ਦਸ਼ਮੇਸ਼ ਸਿੰਘ, ਹਰਬਿਲਾਸ ਸਿੰਘ ਸਰਪੰਚ ਡੂਡੀਆਂ, ਬਲਦੇਵ ਸਿੰਘ, ਲੀਲਾ ਸਿੰਘ, ਮੇਘ ਰਾਜ, ਮਿੰਟੂ ਸਿੰਘ, ਰਮਫਲ ਸਿੰਘ, ਰਿੰਕੂ ਸੈਣੀ ਮੂਣਕ, ਜੈ ਭਗਵਾਨ ਮੂਣਕ, ਬਿੰਦਰ ਸਿੰਘ ,ਸ਼ੇਰਾ ਸਿੰਘ, ਜੋਰਾ ਸਿੰਘ, ਗੁਰਦੀਪ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ, ਬੂਟਾ ਸਿੰਘ, ਸਤਨਾਮ ਸਿੰਘ, ਭੋਲਾ ਸਿੰਘ, ਲੀਲਾ ਸਿੰਘ, ਕ੍ਰਿਸ਼ਨ ਸਿੰਘ, ਰਘਬੀਰ ਸਿੰਘ, ਮੇਜਰ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਸਾਬਕਾ ਸਰਪੰਚ ਬੱਲਰਾਂ, ਤੇਜਾ ਸਿੰਘ, ਕਾਲਾ ਸਿੰਘ, ਸਤਨਾਮ ਸਿੰਘ, ਬਾਦਲ ਸਿੰਘ ਹਾਜ਼ਰ ਸਨ। ਪੜਤਾਲ ਜਾਰੀ ਹੈ : ਥਾਣਾ ਮੁਖੀ ਥਾਣਾ ਮੂਨਕ ਦੇ ਐੱਸਐੱਚਓ ਬਲਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਪੜਤਾਲ ਜਾਰੀ ਹੈ। ਹਰਿਆਣਾ ਦੇ ਜਾਖਲ ਥਾਣੇ ਦੀ ਪੁਲਿਸ ਵੱਲੋਂ ਮੂਨਕ ਥਾਣੇ ਦੇ ਪਿੰਡ ਬੱਲਰਾਂ ਤੇ ਮੂਨਕ ਦੇ ਇੱਕ-ਇੱਕ ਵਿਅਕਤੀ ਨੂੰ ਚੋਰੀ ਕਰਦਿਆਂ ਕ਼ਾਬੂ ਕੀਤਾ ਹੈ ਉਨ੍ਹਾਂ ਨੂੰ ਪ੍ਰੋਟੈਕਸ਼ਨ ਵਰੰਟ ਤੇ ਲਿਆ ਕੇ ਵੀ ਪੁਛਗਿੱਛ ਕੀਤੀ ਜਾਵੇਗੀ।