ਕਿਸਾਨਾਂ ਨੇ ਕੇਂਦਰੀ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਮਨਾਈ ਲੋਹੜੀ
ਕਿਸਾਨਾਂ ਨੇ ਕੇਂਦਰੀ ਕਾਨੂੰਨਾਂ ਦੀਆਂ ਕਾਪੀਆਂ ਫੂਕਕੇ ਮਨਾਈ ਲੋਹੜੀ
Publish Date: Tue, 13 Jan 2026 05:29 PM (IST)
Updated Date: Wed, 14 Jan 2026 04:04 AM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ ਆਜ਼ਾਦ) ਨੇ ਮੰਗਲਵਾਰ ਨੂੰ ਸੁਨਾਮ ਬਲਾਕ ਦੇ ਵੱਖ-ਵੱਖ ਪਿੰਡਾਂ, ਛਾਜਲੀ, ਮੈਦੇਵਾਸ, ਚੀਮਾਂ ਮੰਡੀ ਅਤੇ ਨਮੋਲ ਵਿਖੇ ਕੇਂਦਰੀ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਲੋਹੜੀ ਦਾ ਤਿਉਹਾਰ ਮਨਾਇਆ। ਜਥੇਬੰਦੀ ਦੇ ਜ਼ਿਲ੍ਹਾ ਆਗੂਆਂ ਸੰਤ ਰਾਮ ਛਾਜਲੀ, ਜਸਵੀਰ ਸਿੰਘ ਮੈਦੇਵਾਸ ਅਤੇ ਹੈਪੀ ਨਮੋਲ ਨੇ ਕਿਹਾ ਕਿ ਕੇਂਦਰ ਸਰਕਾਰ ਬੀਜ ਬਿੱਲ 2025 ਪੇਸ਼ ਕਰ ਕੇ ਖੇਤੀਬਾੜੀ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਬਿੱਲ ਤਿੰਨ ਰੱਦ ਕੀਤੇ ਖੇਤੀਬਾੜੀ ਕਾਨੂੰਨਾਂ ਜਿਨ੍ਹਾਂ ਹੀ ਖ਼ਤਰਨਾਕ ਹੈ। ਇਹ ਕਿਸਾਨਾਂ ਨੂੰ ਆਪਣੇ ਬੀਜ ਬੀਜਣ ਤੋਂ ਰੋਕੇਗਾ। ਕਿਸਾਨਾਂ ਨੂੰ ਕਾਰਪੋਰੇਟ ਕੰਪਨੀਆਂ ਤੋਂ ਬਹੁਤ ਜ਼ਿਆਦਾ ਕੀਮਤਾਂ ’ਤੇ ਬੀਜ ਖਰੀਦਣ ਲਈ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਬਿਜਲੀ ਬਿੱਲ 2025, ਮਨਰੇਗਾ ਅਤੇ ਸੀਡ ਬਿੱਲ ਨੂੰ ਵੀ ਕਿਸਾਨਾਂ ਮਜ਼ਦੂਰਾਂ ਲਈ ਘਾਤਕ ਆਖਿਆ। ਨਵੇਂ ਕਾਨੂੰਨ ਲਾਗੂ ਹੋਣ ਨਾਲ ਖੇਤੀਬਾੜੀ ਸਬਸਿਡੀਆਂ ਖ਼ਤਮ ਹੋ ਜਾਣਗੀਆਂ, ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਤੇ ਕਾਰਪੋਰੇਟ ਘਰਾਣਿਆਂ ਦੇ ਕੰਟਰੋਲ ਹੇਠ ਆ ਜਾਵੇਗੀ। ਕਿਸਾਨ ਯੂਨੀਅਨ ਦੇ ਆਗੂਆਂ ਨੇ ਮਨਰੇਗਾ ਕਾਨੂੰਨ ਵਿਚ ਤਬਦੀਲੀ ਬਾਰੇ ਕਿਹਾ ਕਿ ਕਰਜ਼ੇ ਵਿਚ ਡੁੱਬੇ ਰਾਜਾਂ (ਜਿਵੇਂ ਕਿ ਪੰਜਾਬ) ਲਈ 40 ਪ੍ਰਤੀਸ਼ਤ ਖਰਚਾ ਸਹਿਣਾ ਅਸੰਭਵ ਹੋਵੇਗਾ, ਜਿਸ ਨਾਲ ਇਹ ਯੋਜਨਾ ਆਪਣੇ ਆਪ ਬੰਦ ਹੋ ਜਾਵੇਗੀ।