ਪੁਲਿਸ ਧੱਕੇਸ਼ਾਹੀ ਦੇ ਖਿਲਾਫ ਕਿਸਾਨਾਂ ਨੇ ਫੂਕੀ ਸਰਕਾਰ ਦੀ ਅਰਥੀ
ਪੁਲਿਸ ਧੱਕੇਸ਼ਾਹੀ ਦੇ ਖਿਲਾਫ ਕਿਸਾਨਾਂ ਨੇ ਫੂਕੀ ਸਰਕਾਰ ਦੀ ਅਰਥੀ
Publish Date: Fri, 06 Feb 2026 06:42 PM (IST)
Updated Date: Sat, 07 Feb 2026 04:06 AM (IST)

ਲੋਕਤੰਤਰ ਦਾ ਘਾਣ ਕਰ ਰਹੀ ਹੈ ਸੂਬੇ ਦੀ ਸਰਕਾਰ: ਦਰਬਾਰਾ ਛਾਜਲਾ ਕਿਹਾ– ਪੰਜਾਬੀਆਂ ਨੇ ਕਦੇ ਵੀ ਸਰਕਾਰਾਂ ਦੀ ਈਨ ਨਹੀਂ ਮੰਨੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਨਾਮ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈ ਕੇ ਬਠਿੰਡਾ ਜਾ ਰਹੇ ਕਿਸਾਨਾਂ ਉੱਪਰ ਪੁਲਿਸ ਵੱਲੋਂ ਸੂਬੇ ਅੰਦਰ ਵੱਖ-ਵੱਖ ਥਾਵਾਂ ਤੇ ਕੀਤੇ ਲਾਠੀਚਾਰਜ ਦੇ ਖਿਲਾਫ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਦੇਰ ਸ਼ਾਮ ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਫੂਕੀਆਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੇ ਕਾਰਕੁਨਾਂ ਨੇ ਪਿੰਡ ਗੰਢੂਆਂ ਵਿਖੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਰਾਮ ਸ਼ਰਨ ਸਿੰਘ ਉਗਰਾਹਾਂ ਅਤੇ ਸੁਖਪਾਲ ਸਿੰਘ ਮਾਣਕ ਦੀ ਅਗਵਾਈ ਹੇਠ ਸੂਬਾ ਸਰਕਾਰ ਦੀ ਅਰਥੀ ਫ਼ੂਕਣ ਮੌਕੇ ਬੋਲਦਿਆਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮੁੱਢੋਂ ਵਿਸਾਰ ਚੁੱਕੀ ਹੈ। ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਉਪਰ ਪੁਲਿਸ ਵੱਲੋਂ ਸਰਕਾਰ ਦੀ ਸ਼ਹਿ ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਅੱਜ ਬਠਿੰਡਾ ਜਾ ਰਹੇ ਕਿਸਾਨਾਂ ਉੱਪਰ ਕੀਤੇ ਪੁਲਸੀਆ ਜ਼ਬਰ ਨੇ ਮੁਗਲਾਂ ਦੇ ਰਾਜ ਨੂੰ ਚੇਤੇ ਕਰਵਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ, ਪੰਜਾਬ ਦੇ ਅਣਖੀ ਲੋਕਾਂ ਨੇ ਕਿਸੇ ਵੀ ਸਰਕਾਰ ਦੇ ਜ਼ਬਰ ਮੂਹਰੇ ਈਨ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਚਾਉਕੇ ਸਕੂਲ ਦੇ ਸੰਘਰਸ਼ ਸਮੇਂ ਕਿਸਾਨ ਆਗੂਆਂ ਬਲਦੇਵ ਸਿੰਘ ਚਾਉਕੇ ਅਤੇ ਸਗਨਦੀਪ ਸਿੰਘ ਦੇ ਖਿਲਾਫ ਕਥਿਤ ਤੌਰ ਤੇ ਝੂਠੇ ਮੁੱਕਦਮੇ ਦਰਜ਼ ਕਰਕੇ ਪਿਛਲੇ ਨੌਂ ਮਹੀਨਿਆਂ ਤੋਂ ਜੇਲ੍ਹ ਵਿੱਚ ਡੱਕਿਆ ਹੋਇਆ ਹੈ। ਉਨ੍ਹਾਂ ਦੀ ਰਿਹਾਈ ਲਈ ਜਥੇਬੰਦੀ ਵੱਲੋਂ ਸੰਘਰਸ਼ ਜਾਰੀ ਰਹੇਗਾ।