ਕਿਸਾਨਾਂ ਨੇ ਬੈਂਕ ਮੂਹਰੇ ਫੂਕਿਆ " ਆਪ " ਸਰਕਾਰ ਦਾ ਪੁਤਲਾ
ਕਿਸਾਨਾਂ ਨੇ ਬੈਂਕ ਮੂਹਰੇ ਫੂਕਿਆ " ਆਪ " ਸਰਕਾਰ ਦਾ ਪੁਤਲਾ
Publish Date: Mon, 30 Mar 2026 04:33 PM (IST)
Updated Date: Tue, 31 Mar 2026 04:04 AM (IST)

ਕਿਹਾ, ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਹੋਣ ਦੇਵਾਂਗੇ ਨਿਲਾਮ ਪੰਜਾਬ ਸਰਕਾਰ ਦੀਆਂ ਨੀਤੀਆਂ ਕਿਸਾਨ ਵਿਰੋਧੀ : ਚੱਠਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜ਼ਿਲ੍ਹਾ ਫਰੀਦਕੋਟ ਅੰਦਰ ਪਿੰਡ ਹਰੀ ਨੌਂ ਦੇ ਦੋ ਸਕੇ ਭਰਾਵਾਂ ਵੱਲੋਂ ਲੈਂਡ ਮਾਰਗੇਜ਼ ਬੈਂਕ ਦੇ ਮੈਨੇਜਰ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ ਦੇ ਮਾਮਲੇ ’ਚ ਪਰਿਵਾਰ ਨੂੰ ਇਨਸਾਫ ਦਵਾਉਣ ਤੇ ਲੈਂਡ ਮਾਰਗੇਜ਼ ਬੈਂਕ ਵੱਲੋਂ ਕਰਜਾ ਨਾ ਮੋੜ ਸਕਣ ਵਾਲੇ 20 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਦੀ ਜ਼ਮੀਨ ਨਿਲਾਮ ਕਰਨ ਲਈ ਕੱਢੇ ਜਾ ਰਹੇ ਨੋਟਿਸਾਂ ਦੇ ਵਿਰੋਧ ’ਚ ਲੈਂਡ ਮਾਰਗੇਜ਼ ਬੈਂਕ ਸੁਨਾਮ ਅੱਗੇ ਸੰਕੇਤਕ ਧਰਨਾ ਦੇ ਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਬੀਕੇਯੂ ਏਕਤਾ ਸਿੱਧੂਪੁਰ ਦੇ ਆਗੂਆਂ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਰਣ ਸਿੰਘ ਚੱਠਾ, ਕੇਵਲ ਸਿੰਘ ਜਵੰਧਾ, ਕਰਮਜੀਤ ਸਿੰਘ ਬਾਲਦ ਕਲਾਂ, ਬੀਕੇਯੂ ਏਕਤਾ ਮਲਵਈ ਦੇ ਆਗੂ ਰਾਮਪਾਲ ਸਰਮਾਂ ਸੁਨਾਮ ਨੇ ਕਿਹਾ ਕਿ ਪਿੰਡ ਹਰੀ ਨੌ ਦੇ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰਨ ਵਾਲੇ ਦੋ ਸਕੇ ਭਰਾਵਾਂ ਨੇ ਲੈਂਡ ਮਾਰਗੇਜ਼ ਬੈਂਕ ਤੋਂ 5 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਕਿ ਅੱਗੇ ਚੱਲ ਕੇ 17 ਲੱਖ ਤੋਂ ਵੀ ਜ਼ਿਆਦਾ ਦੀ ਰਕਮ ਉਨ੍ਹਾਂ ਨੂੰ ਵਾਪਸ ਕਰਨੀ ਪਈ, ਇਸ ਕਰਜ਼ੇ ਨੂੰ ਉਤਾਰਨ ਲਈ ਉਨ੍ਹਾਂ ਨੂੰ ਆਪਣੀ ਥੋੜੀ ਜ਼ਮੀਨ ਵੀ ਵੇਚਣੀ ਪਈ ਪਰ ਫਿਰ ਵੀ ਬੈਂਕ ਮੈਨੇਜਰ ਵੱਲੋਂ ਪ੍ਰੇਸ਼ਾਨ ਕਰਨ ਕਰਕੇ ਦੋਵਾਂ ਭਰਾਵਾਂ ਨੇ ਖ਼ੁਦਕੁਸ਼ੀ ਕਰ ਲਈ, ਜਿਸ ਦੇ ਲਈ ਸਿੱਧੇ ਤੌਰ ’ਤੇ ਮੈਨੇਜਰ ਜਿੰਮੇਵਾਰ ਹੈ, ਇਸ ਲਈ ਪੰਜਾਬ ਸਰਕਾਰ ਨੂੰ ਫੌਰੀ ਤੌਰ ’ਤੇ ਉਸ ਮੈਨੇਜਰ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ ਤੇ ਨਾਲ ਹੀ ਉਨ੍ਹਾਂ ਮ੍ਰਿਤਕ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰ ਕੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਲੈਂਡ ਮਾਰਗੇਜ਼ ਬੈਂਕਾਂ ਨੇ ਪੰਜਾਬ ਭਰ ’ਚ ਅਜਿਹੇ ਕਰੀਬ 109 ਕਰਜ਼ਾ ਨਾ ਮੋੜ ਸਕਣ ਵਾਲੇ ਕਿਸਾਨਾਂ ਦੀ ਸ਼ਨਾਖ਼ਤ ਕੀਤੀ ਹੈ ਜਿਨ੍ਹਾਂ ਕੋਲ 20 ਏਕੜ ਤੋਂ ਵੱਧ ਜ਼ਮੀਨ ਦੀ ਮਾਲਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਲਾਮੀ ਕਰਨ ਦੀ ਨੀਤੀ ਨੂੰ ਐੱਸਕੇਐੱਮ ਗੈਰ ਸਿਆਸੀ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕਸ਼ਮੀਰ ਸਿੰਘ ਉਗਰਾਹਾਂ,ਕਰਮ ਸਿੰਘ ਨਮੋਲ,ਜੱਗੀ ਸਿੰਘ ਗੰਢੂਆਂ,ਗੁਰਚਰਨ ਸਿੰਘ ਨਮੋਲ, ਗੁਰਮੇਲ ਸਿੰਘ ਸਾਹਪੁਰ ਕਲਾਂ, ਮਦਨ ਦਾਸ ਮਹਿਲਾਂ,ਦਲੇਲ ਸਿੰਘ ਚੱਠਾ, ਹਰਵਿੰਦਰ ਸਿੰਘ ਭੋਲਾ ਨੀਲੋਵਾਲ, ਕਾਲਾ ਸਿੰਘ ਮਹਿਲਾਂ, ਮੇਜਰ ਸਿੰਘ ਬਾਲਦ ਕਲਾਂ, ਸੁਬੇਗ ਸਿੰਘ ਤੂਰੀ, ਨਾਇਬ ਸਿੰਘ ਨਦਾਮਪੁਰ, ਦੇਵ ਸਿੰਘ ਖਡਿਆਲ, ਦਰਸ਼ਨ ਸਿੰਘ ਛਾਜਲਾ, ਭਗਵੰਤ ਸਿੰਘ ਮੈਦੇਵਾਸ, ਪ੍ਰੀਤਮ ਸਿੰਘ, ਭੋਲਾ ਸਿੰਘ ਸਾਹਪੁਰ ਕਲਾਂ, ਹਰਬੰਸ ਸਿੰਘ ਖਡਿਆਲ ਹਾਜ਼ਰ ਸਨ।