ਕਿਸਾਨਾਂ ਨੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ, ਨਾਅਰੇਬਾਜ਼ੀ
ਕਿਸਾਨਾਂ ਨੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ, ਨਾਅਰੇਬਾਜ਼ੀ
Publish Date: Tue, 24 Mar 2026 04:12 PM (IST)
Updated Date: Wed, 25 Mar 2026 03:59 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੱਕੀ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਮੋਰਚੇ ਨੂੰ ਪੰਜਾਬ ਸਰਕਾਰ ਨੇ ਮੰਗਲਵਾਰ ਤੜਕਸਾਰ ਸੁੱਤੇ ਪਏ ਕਿਸਾਨਾਂ- ਮਜ਼ਦੂਰਾਂ ਉੱਪਰ ਲਾਠੀਚਾਰਜ ਕਰਕੇ ਮੋਰਚੇ ਨੂੰ ਖਦੇੜਨ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜਾਦ ਵੱਲੋਂ ਲੌਂਗੋਵਾਲ ਬੱਸ ਸਟੈਂਡ ਅਤੇ ਸੰਗਰੂਰ ਡੀਸੀ ਦਫ਼ਤਰ ਅੱਗੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਮੌਕੇ ਜ਼ਿਲਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼ੰਭੂ ਖਨੌਰੀ ਮੋਰਚੇ ਨੂੰ ਉਜਾੜ ਕੇ ਪੰਜਾਬ ਦੇ ਕਿਸਾਨਾਂ ਦਾ ਜੋ 3 ਕਰੋੜ 77 ਲੱਖ ਰੁਪਏ ਦਾ ਨੁਕਸਾਨ ਕੀਤਾ। ਉਸਦੀ ਭਰਪਾਈ ਲਈ ਕਿਸਾਨ ਮਜ਼ਦੂਰ ਮੋਰਚਾ ਲੰਮੇ ਸਮੇਂ ਤੋਂ ਲੜਾਈ ਲੜ ਰਿਹਾ ਹੈ। ਪਰ ਅੱਜ ਸਵੇਰੇ ਫੇਰ ਪੰਜਾਬ ਸਰਕਾਰ ਵੱਲੋਂ ਮੋਦੀ ਸਰਕਾਰ ਦਾ ਹੱਥ ਠੋਕਾ ਬਣਕੇ ਮੋਰਚੇ ਨੂੰ ਖਦੇੜ ਕੇ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਜਸਵਿੰਦਰ ਸਿੰਘ ਲੌਂਗੋਵਾਲ ਤੇ ਸਰਵਨ ਪੰਧੇਰ ਸਮੇਤ ਸੈਂਕੜੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਕਾਰਪੋਰੇਟ ਦੀ ਕਠਪੁਤਲੀ ਬਣਨ ਦਾ ਸਬੂਤ ਦਿੱਤਾ ਹੈ। ਕਿਸਾਨਾਂ ਮਜ਼ਦੂਰਾਂ ਨੂੰ ਡੀਸੀ ਦਫ਼ਤਰ ਨਾ ਜਾਣ ਦੇ ਕੇ ਵੱਡੇ ਨਾਕੇ ਤੇ ਬੈਰੀਕੇਟ ਲਾ ਕੇ ਸੜਕ ਤੇ ਬੈਠਣ ਲਈ ਮਜਬੂਰ ਕੀਤਾ ਗਿਆ। ਅੱਜ ਸੜਕ ਕਿਸਾਨਾਂ ਵੱਲੋਂ ਰੋਕੀ ਕਹਿ ਕੇ ਤਸ਼ੱਦਦ ਢਾਹਿਆ ਗਿਆ। ਪੰਜਾਬ ਸਰਕਾਰ ਸੂਬੇ ਵਿੱਚ ਐਮਰਜੈਂਸੀ ਦਾ ਮਹੌਲ ਬਣਾ ਕੇ ਹੱਕ ਮੰਗਦੇ ਲੋਕਾਂ ਤੇ ਕਦੇ ਪਿੰਡਾਂ ਵਿੱਚ ਵੜਕੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾਦੇ ਹਨ। ਕਦੇ ਵੱਡੇ ਟਿੱਪਰ ਲਾ ਕੇ ਸੜਕਾਂ ਉੱਪਰ ਕਿਸਾਨਾਂ ਮਜ਼ਦੂਰਾਂ ਨੂੰ ਨੰਗੇ ਕਰਕੇ ਦੌੜਾਂ ਕੇ ਕੁੱਟਿਆ ਜਾਂਦਾ ਹੈ। ਕਿਸਾਨਾਂ ਦਾ ਹਿਤੈਸ਼ੀ ਕਹਾਉਣ ਵਾਲੀ ਪੰਜਾਬ ਸਰਕਾਰ ਅੱਜ ਕਿਸਾਨਾਂ ਮਜ਼ਦੂਰਾਂ ਦਾ ਸਭ ਤੋਂ ਵੱਡਾ ਦੁਸ਼ਮਨ ਬਣ ਕੇ ਪੇਸ਼ ਹੋ ਰਹੀ ਹੈ। ਦੂਜੇ ਪਾਸੇ, ਕੱਟੜ ਇਮਾਨਦਾਰ ਸਰਕਾਰ ਦੇ ਮੰਤਰੀ ਉੱਚੇ ਦਰਜੇ ਦੇ ਮੁਲਾਜ਼ਮਾਂ ਦੀ ਘਰੇ ਸੱਦ ਕੇ ਕੁੱਟਮਾਰ ਕਰਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਰਹੇ ਹਨ। ਨੌਜਵਾਨਾਂ ਦਾ ਪੁਲਿਸ ਵੱਲੋਂ ਸ਼ਰੇਆਮ ਕੀਤੇ ਜਾ ਰਹੇ ਇਨਕਾਉਂਟਰ ਸਵਾਲਾਂ ਦੇ ਘੇਰੇ ਵਿੱਚ ਹਨ। ਆਗੂਆਂ ਨੇ ਮੰਗ ਕੀਤੀ ਕਿ ਸਾਰੇ ਹੀ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨੂੰ ਕਿਸਾਨਾਂ ਸਮੇਤ ਰਿਹਾਅ ਕੀਤਾ ਜਾਵੇ ਅਤੇ 3 ਕਰੋੜ 77 ਲੱਖ ਰੁਪਏ ਦੀ ਭਰਪਾਈ ਸਮੇਤ ਪਰਾਲੀ ਦੇ ਪਰਚੇ, ਕਿਸਾਨਾਂ ਉੱਪਰ ਪਾਏ ਝੂਠੇ ਪਰਚੇ ਰੱਦ ਕਰਨ ਸਮੇਤ ਬਾਕੀ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਜ਼ਿਲਾ ਕਾਰਜਕਾਰੀ ਆਗੂ ਹਰਦੇਵ ਕੁਲਾਰ, ਜਸਵੀਰ ਮੈਦੇਵਾਸ,ਸੰਤ ਰਾਮ ਛਾਜਲੀ, ਮਿੱਠੂ ਤੁੰਗਾਂ, ਮਹਿੰਦਰ ਮੰਗਵਾਲ, ਸ਼ਿੰਦਰ ਬਡਰੁੱਖਾਂ, ਕਰਨੈਲ ਸਿੰਘ, ਬਲਜਿੰਦਰ ਸਿੰਘ, ਸੁਖਦੇਵ ਸਿੰਘ, ਗੋਬਿੰਦਰ ਮੰਗਵਾਲ, ਧਰਮਿੰਦਰ ਥਲੇਸਾ, ਕਰਮਜੀਤ ਕੌਰ ਮੌਜੂਦ ਸਨ।