ਕਿਸਾਨਾਂ ਨੇ ਮੋਦੀ ਤੇ ਸ਼ਾਹ ਦੇ ਪੁਤਲੇ ਸਾੜੇ
ਕਿਸਾਨਾਂ ਨੇ ਮੋਦੀ ਤੇ ਸ਼ਾਹ ਦੇ ਪੁਤਲੇ ਸਾੜੇ
Publish Date: Sat, 14 Mar 2026 05:00 PM (IST)
Updated Date: Sun, 15 Mar 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਨੂੰ ਸਫਲ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਜਥੇਬੰਦੀ ਵੱਲੋਂ ਸਥਾਨਕ ਦਾਣਾ ਮੰਡੀ ਵਿਚ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਪੁਤਲੇ ਬਲਾਕ ਪ੍ਰਧਾਨ ਮਹਿੰਦਰ ਸਿੰਘ ਮੰਗਵਾਲ ਦੀ ਅਗਵਾਈ ਵਿੱਚ ਫੂਕਿਆ ਗਿਆ। ਇਸ ਮੌਕੇ ਜ਼ਿਲ੍ਹਾ ਆਗੂ ਅਮਰ ਸਿੰਘ ਲੌਂਗੋਵਾਲ, ਹਰਦੇਵ ਸਿੰਘ ਕੁਲਾਰਾਂ ਨੇ ਕਿਹਾ ਕਿ ਇਕ ਪਾਸੇ ਪੰਜਾਬ ਵਿਚ ਮੋਦੀ ਸਰਕਾਰ ਵੱਲੋਂ ਰੈਲੀਆਂ ਕੀਤੀਆਂ ਜਾਂ ਰਹੀਆਂ ਹਨ, ਦੂਜੇ ਪਾਸੇ ਮੋਦੀ ਸਰਕਾਰ ਖੇਤੀ ਟਰੇਡ ਡੀਲ ਨੂੰ ਲਾਗੂ ਕਰ ਕੇ ਭਾਰਤ ਦੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰ ਰਹੀ ਹੈ। ਖੇਤੀ ਟਰੇਡ ਡੀਲ ਦੇ ਲਾਗੂ ਹੋਣ ਨਾਲ ਪੰਜਾਬ ਦੇ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਟੁੱਟ ਜਾਣੀ ਹੈ। ਖੇਤੀ ਪੂਰੀ ਤਰ੍ਹਾਂ ਤਬਾਹੀ ਦੇ ਕੰਢੇ ਪੁੱਜ ਜਾਣੀ ਹੈ। ਡੇਅਰੀ ਫਾਰਮਿੰਗ ਦਾ ਧੰਦਾ ਜੋ ਪੰਜਾਬ ਦੇ ਲੋਕਾਂ ਦਾ ਇੱਕੋ ਇੱਕ ਰੁਜ਼ਗਾਰ ਦਾ ਵੱਡਾ ਸਾਧਨ ਹੈ। ਬਾਹਰੋਂ ਦੁੱਧ ਤੇ ਡੇਅਰੀ ਦੇ ਪ੍ਰੋਡਕਟ ਆਉਣ ਨਾਲ ਖ਼ਤਮ ਹੋ ਜਾਣਾ ਹੈ। ਪੰਜਾਬ ਤੇ ਭਾਰਤ ਦੇ ਲੋਕਾਂ ਦਾ ਪੈਦਾ ਕੀਤਾ ਦੁੱਧ ਕੌਡੀਆਂ ਦੇ ਭਾਅ ਹੋ ਜਾਣਾ ਹੈ। ਖੇਤੀ ਟਰੇਡ ਡੀਲ ਮੋਦੀ ਸਰਕਾਰ ਨੇ ਅਮਰੀਕਾ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਕੇ ਸਮਝੌਤਾ ਕੀਤਾ ਹੈ ਜਿਸਦੇ ਨਾਲ ਭਾਰਤ ਦੀ ਪ੍ਰਭੂਸੱਤਾ ਨੂੰ ਵੀ ਡੂੰਘੀ ਸੱਟ ਵੱਜੀ ਹੈ। ਜੇਕਰ ਖੇਤੀ ਟਰੇਡ ਡੀਲ ਮੋਦੀ ਸਰਕਾਰ ਨੇ ਰੱਦ ਨਾ ਕੀਤੀ ਤਾਂ ਪੰਜਾਬ ਤੇ ਭਾਰਤ ਦੇ ਲੋਕਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਵਾਂਗ ਵੱਡਾ ਅੰਦੋਲਨ ਖੜਾ ਕੀਤਾ ਜਾਵੇਗਾ। ਪੰਜਾਬ ਸਰਕਾਰ ਵੀ ਮੋਦੀ ਸਰਕਾਰ ਦੀ ਖੇਤੀ ਟਰੇਡ ਡੀਲ ਸਮੇਤ ਸਾਰੇ ਬਿੱਲਾਂ ਨੂੰ ਲਾਗੂ ਕਰਨ ਲਈ ਪੱਬਾਂ ਭਾਰ ਹੋਈ ਬੈਠੀ ਹੈ। ਇਸ ਲਈ ਇਹਨਾਂ ਸਾਰੇ ਬਿੱਲਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਤੇ ਹਿਮਾਇਤੀ ਲੋਕਾਂ ਤੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੂੰ ਜੇਲਾਂ ਵਿੱਚ ਸੁਟਿਆ ਜਾ ਰਿਹਾ ਹੈ। ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਤਕੜਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਮੌਕੇ ਹੈਪੀ ਨਮੋਲ, ਰਾਜਪਾਲ ਮੰਗਵਾਲ, ਸੁਖਦੇਵ ਲੌਂਗੋਵਾਲ, ਦਲਵਾਰਾ ਲੌਹਾਖੇੜਾ, ਰੂਪਾ ਲੌਂਗੋਵਾਲ, ਕਰਮਜੀਤ ਕੌਰ ਭਿੰਡਰਾ ਮੌਜੂਦ ਸਨ।