ਕੇਂਦਰੀ ਨੀਤੀਆਂ ਖ਼ਿਲਾਫ਼ ਕਿਸਾਨਾਂ ਨੇ ਫੂਕਿਆ ਪੁਤਲਾ
ਕੇਂਦਰੀ ਨੀਤੀਆਂ ਖਿਲਾਫ ਕਿਸਾਨਾਂ ਨੇ ਚੀਮਾਂ ’ਚ ਫੂਕਿਆ ਪੁਤਲਾ
Publish Date: Sun, 15 Mar 2026 04:04 PM (IST)
Updated Date: Mon, 16 Mar 2026 04:01 AM (IST)

ਕਿਹਾ, ਭਾਰਤ-ਅਮਰੀਕਾ ਵਪਾਰ ਸਮਝੌਤਾ ਖੇਤੀ ਨੂੰ ਕਰੇਗਾ ਤਬਾਹ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਭਾਰਤੀ ਕਿਸਾਨ ਯੂਨੀਅਨ (ਏਕਤਾ ਆਜ਼ਾਦ) ਨੇ ਜਥੇਬੰਦੀ ਦੇ ਮੋਹਰੀ ਆਗੂ ਜਸਵੀਰ ਸਿੰਘ ਮੈਦੇਵਾਸ ਦੀ ਅਗਵਾਈ ਹੇਠ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦਾ ਵਿਰੋਧ ਕਰਨ ਲਈ ਚੀਮਾਂ ਮੰਡੀ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਖੇਤੀ ਸੈਕਟਰ ਨੂੰ ਤਬਾਹ ਕਰ ਦੇਵੇਗਾ। ਇਸ ਮੌਕੇ ਕਿਸਾਨ ਆਗੂਆਂ ਜਸਵੀਰ ਸਿੰਘ ਮੈਦੇਵਾਸ, ਸੰਤ ਰਾਮ ਛਾਜਲੀ, ਦਰਬਾਰਾ ਸਿੰਘ ਮੈਦੇਵਾਸ, ਬਲਵਿੰਦਰ ਸਿੰਘ ਚੀਮਾਂ, ਮੱਖਣ ਸਿੰਘ, ਗੁਰਤੇਜ ਸਿੰਘ ਤੋਲਾਵਾਲ ਅਤੇ ਹਰਬੰਸ ਸਿੰਘ ਨੇ ਆਖਿਆ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਅਮਰੀਕਾ ਵਰਗੇ ਵਿਕਸਤ ਮੁਲਕ ਨਾਲ ਵਪਾਰਕ ਸਮਝੌਤੇ ਕਰ ਰਹੀ ਹੈ। ਜਿਸ ਨਾਲ ਖੇਤੀ ਕਿੱਤਾ ਬਿਲਕੁਲ ਤਬਾਹ ਹੋ ਜਾਵੇਗਾ। ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿੱਚ ਹਰ ਵਰਗ ਦਾ ਧੰਦਾ ਖੇਤੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਵਿੱਚ ਤਬਦੀਲੀ, ਬਿਜਲੀ ਸੋਧ ਬਿੱਲ 2025, ਬੀਜ਼ ਬਿੱਲ ਤੇ ਚਾਰ ਕਿਰਤ ਕਾਨੂੰਨ ਲਾਗੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਅਜਿਹਾ ਕਰਨ ਨਾਲ ਕਿਸਾਨ, ਮਜ਼ਦੂਰ ਤੇ ਵਪਾਰੀ ਵਰਗ ਪ੍ਰਭਾਵਿਤ ਹੋਵੇਗਾ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਸਰਕਾਰ ਦੀਆਂ ਕਿਸਾਨ, ਮਜ਼ਦੂਰ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਕੇਂਦਰੀ ਨੀਤੀਆਂ ਲਾਗੂ ਨਾ ਕਰ ਕੇ ਕਿਸਾਨ ਮਜ਼ਦੂਰ ਤੇ ਪੰਜਾਬ ਪੱਖੀ ਹੋਣ ਦਾ ਸਬੂਤ ਦੇਵੇ। ਕਿਸਾਨ ਆਗੂਆਂ ਜਸਵੀਰ ਸਿੰਘ ਮੈਦੇਵਾਸ ਤੇ ਸੰਤ ਰਾਮ ਛਾਜਲੀ ਨੇ ਆਖਿਆ ਕਿ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਨਿਰੰਤਰ ਜਾਰੀ ਰਹੇਗਾ।