ਕਿਸਾਨਾਂ ਨੇ ਫੂਕੀਆਂ ਭਾਰਤ ਅਮਰੀਕਾ ਵਪਾਰ ਸਮਝੌਤੇ ਦੀਆਂ ਕਾਪੀਆਂ
ਕਿਸਾਨਾਂ ਨੇ ਫੂਕੀਆਂ ਭਾਰਤ ਅਮਰੀਕਾ ਵਪਾਰ ਸਮਝੌਤੇ ਦੀਆਂ ਕਾਪੀਆਂ
Publish Date: Sun, 15 Feb 2026 05:58 PM (IST)
Updated Date: Mon, 16 Feb 2026 04:06 AM (IST)

ਕਿਹਾ–ਦੇਸ਼ ਦੇ ਹਰ ਨਾਗਰਿਕ ਲਈ ਮਾਰੂ ਸਾਬਿਤ ਹੋਵੇਗਾ ਸਮਝੌਤਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਨਾਮ : ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸੁਨਾਮ ਬਲਾਕ ਦੇ ਪਿੰਡ ਚੱਠਾ ਨਨਹੇੜਾ, ਖਡਿਆਲ, ਰਾਮਗੜ੍ਹ ਜਵੰਧਾਂ, ਮਹਿਲਾਂ, ਨਮੋਲ, ਛਾਜਲਾ, ਮੈਦੇਵਾਸ, ਭੈਣੀ, ਗੰਢੂਆਂ, ਜਖੇਪਲ, ਕਣਕਵਾਲ ਭੰਗੂਆਂ, ਉਗਰਾਹਾਂ ਵਿੱਚ ਭਾਰਤ- ਅਮਰੀਕਾ ਵਪਾਰ ਸਮਝੌਤੇ ਦੀਆਂ ਕਾਪੀਆਂ ਸਾੜੀਆਂ ਗਈਆਂ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਈਸਟ ਇੰਡੀਆ ਕੰਪਨੀ ਵੱਲੋਂ ਭਾਰਤ ਅੰਦਰ ਉਸ ਸਮੇਂ ਦੇ ਸ਼ਾਸਕ ਤੋਂ ਸਿਰਫ ਭਾਰਤ ਵਿਚ ਵਪਾਰ ਕਰਨ ਲਈ ਇਜਾਜਤ ਲੈ ਕੇ ਪੂਰੇ ਦੇਸ਼ ਨੂੰ ਗੁਲਾਮ ਕੀਤਾ ਗਿਆ ਸੀ ਤੇ ਉਸ ਈਸਟ ਇੰਡੀਆ ਕੰਪਨੀ ਦੀ ਗੁਲਾਮੀ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਲੱਖਾਂ ਮਰਜੀਵੜਿਆਂ ਨੂੰ ਆਪਣੀਆਂ ਸ਼ਹਾਦਤਾਂ ਦੇਣੀਆਂ ਪਈਆਂ ਤੇ ਦੇਸ਼ ਨੂੰ ਉਸ ਸਮੇਂ ਦੇ ਸ਼ਾਸਕਾਂ ਵੱਲੋਂ ਕੀਤੀ ਗਈ ਦੇਸ਼ ਮਾਰੂ ਸੰਧੀ ਦੀ ਵੱਡੀ ਕੀਮਤ ਚੁਕਾਉਣੀ ਪਈ ਸੀ। ਉਸੇ ਰਸਤੇ ’ਤੇ ਫਿਰ ਤੋਂ ਭਾਜਪਾ ਦੀ ਸਰਕਾਰ ਵੱਲੋਂ ਦੇਸ਼ ਨੂੰ ਤੋਰਨ ਲਈ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨਾਲ ਫਿਰ ਤੋਂ ਦੇਸ਼ ਨੂੰ ਗੁਲਾਮ ਬਣਾਉਣ ਵਾਸਤੇ ਤੇ ਕਿਸਾਨੀ ਦਾ ਲੱਕ ਤੋੜਨ ਲਈ ਕਿਸਾਨ ਮਾਰੂ ਤੇ ਦੇਸ਼ ਮਾਰੂ ਸੰਧੀ ਰਾਤ ਦੇ ਹਨੇਰੇ ਵਿਚ ਕੀਤੀ ਗਈ ਹੈ। ਦੇਸ਼ ਮਾਰੂ ਸੰਧੀ ਉੱਪਰ ਪਰਦਾ ਪਾਉਣ ਲਈ ਭਾਜਪਾ ਦੇ ਮੰਤਰੀਆਂ ਅਤੇ ਉਸ ਦੇ ਆਈਟੀ ਸੈੱਲ ਵੱਲੋਂ ਅਮਰੀਕਾ ਦੀ ਬੋਲੀ ਬੋਲਦੇ ਹੋਏ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪ੍ਰਚਾਰ ਕੀਤਾ ਜਾ ਰਿਹਾ। ਬਲਾਕ ਪ੍ਰਧਾਨ ਕੇਵਲ ਸਿੰਘ ਜਵੰਧਾ ਨੇ ਕਿਹਾ ਕਿ ਦੇਸ਼ ਦੇ ਲੋਕ ਆਪਣੇ ਮਨਾਂ ਚੋਂ ਇਹ ਭੁਲੇਖਾ ਕੱਢ ਦੇਣ ਕਿ ਇਸ ਸਮਝੌਤੇ ਦਾ ਨੁਕਸਾਨ ਸਿਰਫ ਕਿਸਾਨਾਂ ਨੂੰ ਹੋਵੇਗਾ, ਬਲਕਿ ਇਹ ਸਮਝੌਤਾ ਹਰ ਅਨਾਜ ਖਾਣ ਵਾਲੇ ਵਿਅਕਤੀ ਲਈ ਖ਼ਤਰਨਾਕ ਤੇ ਮਾਰੂ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਆਪਣੇ ਕਿਸਾਨਾਂ ਤੋਂ ਖੇਤਾਂ ਵਿਚ ਜੀਐੱਮ ਅਨਾਜ ਪੈਦਾ ਕਰਵਾ ਕੇ ਭਾਰਤ ਵਿਚ ਭੇਜਿਆ ਜਾਵੇਗਾ ਜਿਸ ਦੇ ਬਹੁਤ ਮਾੜੇ ਪ੍ਰਭਾਵ ਮਨੁੱਖ ਦੀ ਸਿਹਤ ਤੇ ਪੈਣਗੇ ਤੇ ਉਹ ਭਿਆਨਕ ਬਿਮਾਰੀਆਂ ਦੀ ਜਕੜ ਵਿੱਚ ਆਉਣਗੇ। ਇਸ ਮੌਕੇ ਕਸ਼ਮੀਰ ਸਿੰਘ ਉਗਰਾਹਾਂ, ਦਲੇਲ ਸਿੰਘ ਚੱਠਾ,ਹਰੀ ਸਿੰਘ ਚੱਠਾ, ਹਰਬੰਸ ਸਿੰਘ ਖਡਿਆਲ, ਹਰਜਿੰਦਰ ਸਿੰਘ ਮਹਿਲਾ, ਕਰਮ ਸਿੰਘ ਨਮੋਲ, ਕੁਲਦੀਪ ਸਿੰਘ ਛਾਜਲਾ, ਜੱਗੀ ਸਿੰਘ ਗੰਢੂਆਂ, ਮਲਕੀਤ ਸਿੰਘ ਗੰਢੂਆਂ, ਗੁਰਮੇਲ ਸਿੰਘ ਸ਼ਾਹਪੁਰ ਕਲਾਂ, ਜਗਤਾਰ ਸਿੰਘ ਕਣਕਵਾਲ ਭੰਗੂਆਂ, ਨਸੀਬ ਸਿੰਘ ਜਖੇਪਲ, ਭਗਵੰਤ ਸਿੰਘ ਮੈਦੇਵਾਸ, ਅਮਨਦੀਪ ਸਿੰਘ ਸ਼ੇਰੋਂ ਹਾਜ਼ਰ ਸਨ।