ਕਿਸਾਨਾਂ ਨੇ ਬਠਿੰਡਾ ਲਲਕਾਰ ਰੈਲੀ ਦੀਆਂ ਤਿਆਰੀਆਂ ਵਿੱਢੀਆਂ
ਕਿਸਾਨਾਂ ਨੇ ਬਠਿੰਡਾ ਲਲਕਾਰ ਰੈਲੀ ਦੀਆਂ ਤਿਆਰੀਆਂ ਵਿੱਢੀਆਂ
Publish Date: Sat, 28 Feb 2026 05:33 PM (IST)
Updated Date: Sat, 28 Feb 2026 05:34 PM (IST)

-ਕਿਹਾ, ਪੁਲਿਸ ਜਬਰ ਦਾ ਦੇਵਾਂਗੇ ਮੂੰਹਤੋੜ ਜਵਾਬ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ 6 ਮਾਰਚ ਨੂੰ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਬਠਿੰਡਾ ਵਿਖੇ ਰੱਖੀ ਲਲਕਾਰ ਰੈਲੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ’ਤੇ ਕੀਤੇ ਪੁਲਿਸ ਜਬਰ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਸ਼ਨਿਚਰਵਾਰ ਨੂੰ ਸੁਨਾਮ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਆਖਿਆ ਕਿ ਚਾਉਕੇ ਆਦਰਸ਼ ਸਕੂਲ ਦੇ ਸੰਘਰਸ਼ ਦੌਰਾਨ ਪੁਲਿਸ ਨੇ ਸੂਬਾ ਸਰਕਾਰ ਦੇ ਇਸ਼ਾਰਿਆਂ ’ਤੇ ਦੋ ਕਿਸਾਨ ਆਗੂਆਂ ਖ਼ਿਲਾਫ਼ ਝੂਠੇ ਮੁਕੱਦਮੇ ਦਰਜ ਕਰ ਕੇ ਜੇਲ੍ਹ ’ਚ ਡੱਕਿਆ ਹੋਇਆ ਸੀ। ਉਨ੍ਹਾਂ ਆਗੂਆਂ ਦੀ ਰਿਹਾਈ ਲਈ ਜਥੇਬੰਦੀ ਨੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਧਰਨੇ ਨੂੰ ਅਸਫ਼ਲ ਬਣਾਉਣ ਲਈ ਕਿਸਾਨਾਂ ਦੇ ਘਰਾਂ ’ਚ ਛਾਪੇਮਾਰੀ ਕੀਤੀ ਪਰ ਕੋਈ ਵੀ ਕੱਦਾਵਰ ਆਗੂ ਪੁਲਿਸ ਦੇ ਹੱਥ ਨਹੀਂ ਆਇਆ। ਕਿਸਾਨ ਆਗੂਆਂ ਨੇ ਕਿਹਾ ਕਿ ਬਠਿੰਡਾ ਜਾਣ ਤੋਂ ਰੋਕਣ ਲਈ ਪੁਲਿਸ ਨੇ 6 ਅਤੇ 18 ਫ਼ਰਵਰੀ ਨੂੰ ਕਿਸਾਨਾਂ ਤੇ ਪੁਲਿਸ ਲਾਠੀਚਾਰਜ ਕੀਤਾ ਜਿਸ ਦੌਰਾਨ ਬਹੁਤ ਸਾਰੇ ਕਿਸਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਜਿਉਂਦ ਪਿੰਡ ’ਚ ਸ਼ਾਂਤਮਈ ਬੈਠੇ ਕਿਸਾਨਾਂ ’ਤੇ ਐਸਐਸਪੀ ਬਠਿੰਡਾ ਦੀ ਅਗਵਾਈ ਹੇਠ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਲਾਠੀਚਾਰਜ ਦੌਰਾਨ ਮਿੱਥ ਕੇ ਇੱਕ ਕਿਸਾਨ ਦੀ ਲੱਤ ਨੂੰ ਬੁਰੀ ਤਰ੍ਹਾਂ ਤੋੜਿਆ ਗਿਆ, ਸਿਰ ਵਿੱਚ ਸੱਟਾਂ ਮਾਰੀਆਂ ਗਈਆਂ। ਕਿਸਾਨ ਆਗੂਆਂ ਨੇ ਦੱਸਿਆ ਕਿ ਐਸਕੇਐਮ ਦੇ ਸੱਦੇ ਤਹਿਤ 6 ਮਾਰਚ ਨੂੰ ਜਥੇਬੰਦੀਆਂ ਦੀ ਤਰਫੋਂ ਡੀਸੀ ਦਫਤਰ ਬਠਿੰਡਾ ਵਿਖੇ ਲਲਕਾਰ ਰੈਲੀ ਰੱਖੀ ਗਈ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਬਹਾਲ ਸਿੰਘ ਢੀਡਸਾ, ਦਰਸ਼ਨ ਸਿੰਘ ਚੰਗਾਲੀ ਵਾਲਾ, ਅਮਨਦੀਪ ਸਿੰਘ ਮਹਿਲਾਂ, ਬਹਾਦਰ ਸਿੰਘ ਭੁਟਾਲ , ਗੁਰਪ੍ਰੀਤ ਸਿੰਘ ਸੰਗਤਪੁਰਾ, ਸੁਖਦੇਵ ਸਿੰਘ ਕੁੜੈਲ ,ਹਰਜੀਤ ਸਿੰਘ ਮਹਿਲਾਂ, ਮਨਜੀਤ ਸਿੰਘ ਘਰਾਚੋਂ ,ਰਣਜੀਤ ਸਿੰਘ ਲੌਂਗੋਵਾਲ, ਜਸਵੰਤ ਸਿੰਘ ਤੋਲਾਵਾਲ ,ਜਸਵੀਰ ਸਿੰਘ ਗੱਗੜਪੁਰ, ਹਰਬੰਸ ਸਿੰਘ ਲੱਡਾ ਅਤੇ ਸੁਖਪਾਲ ਸਿੰਘ ਮਾਣਕ ਆਦਿ ਹਾਜ਼ਰ ਸਨ।