ਕਿਸਾਨਾਂ ਨੇ ਕੀਤੇ ਵਿਧਾਇਕ ਨੂੰ ਸਵਾਲ, ਪੁਲਿਸ ਨੇ ਥਾਣੇ ਕੀਤੇ ਬੰਦ
ਕਿਸਾਨਾਂ ਨੇ ਕੀਤੇ ਵਿਧਾਇਕ ਨੂੰ ਸਵਾਲ, ਪੁਲਿਸ ਨੇ ਥਾਣੇ ਕੀਤੇ ਬੰਦ
Publish Date: Thu, 16 Apr 2026 04:56 PM (IST)
Updated Date: Fri, 17 Apr 2026 04:06 AM (IST)

ਪਿੰਡ ਭਿੰਡਰਾਂ ਦੇ 16 ਕਿਸਾਨ ਲਏ ਹਿਰਾਸਤ ’ਚ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਪਿੰਡ ਭਿੰਡਰਾਂ ਵਿਚ ਸਥਿਤ ਸਕੂਲ ਦੇ ਨਵੇਂ ਕੰਪਿਊਟਰਾਂ ਦਾ ਉਦਘਾਟਨ ਕਰਨ ਪੁੱਜੀ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਕਣਕ ਦੀ ਖ਼ਰੀਦ ਨਾ ਹੋਣ ਸਬੰਧੀ ਸਵਾਲ ਕੀਤਾ ਤਾਂ ਪੁਲਿਸ ਨੇ 16 ਕਿਸਾਨਾਂ ਜਿਨ੍ਹਾਂ ਵਿਚ 5 ਔਰਤਾਂ ਵੀ ਸ਼ਾਮਲ ਸਨ, ਨੂੰ ਹਿਰਾਸਤ ਵਿਚ ਲੈ ਕੇ ਸੰਗਰੂਰ ਦੇ ਸਿਟੀ ਥਾਣੇ ਵਿਚ ਬੰਦ ਕਰ ਦਿੱਤਾ। ਪਿੰਡ ਭਿੰਡਰਾਂ ਦੀ ਪੰਚਾਇਤ ਨੇ ਪਿਛਲੇ ਦਿਨੀਂ ਮਤਾ ਪਾਇਆ ਸੀ ਕਿ ਜਿਨ੍ਹਾਂ ਚਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸਮਾਣਾ ਵਿਚ ਚੱਲ ਸੰਘਰਸ਼ ਦਾ ਨਿਬੇੜਾ ਨਹੀਂ ਹੁੰਦਾ, ਉਦੋਂ ਤਕ ਪਿੰਡ ਵਿਚ ਕੋਈ ਵੀ ਸਿਆਸੀ ਆਗੂ ਜਾਂ ਲੀਡਰ ਨਾ ਆਵੇ। ਪ੍ਰੰਤੂ ਬੁੱਧਵਾਰ ਨੂੰ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਦੇ ਮਤੇ ਦੀ ਉਲੰਘਣਾ ਕਰਦਿਆਂ ਪਿੰਡ ਦੇ ਸਕੂਲ ਵਿਚ ਨਵੇਂ ਆਏ ਕੰਪਿਊਟਰਾਂ ਦਾ ਉਦਘਾਟਨ ਕਰਨ ਪੁੱਜ ਗਏ। ਉਨ੍ਹਾਂ ਨੂੰ ਵੇਖ ਕੇ ਪਿੰਡ ਵਾਸੀਆਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਅਤੇ ਆਪਣਾ ਵਿਰੋਧ ਪ੍ਰਗਟਾਇਆ। ਇਸੇ ਦੌਰਾਨ ਪਿੰਡ ਦੀ ਅਨਾਜ ਮੰਡੀ ਵਿਚ ਆਪਣੀ ਫਸਲ ਲੈ ਕੇ ਪਿਛਲੇ ਕਈ ਦਿਨਾਂ ਤੋਂ ਬੈਠੇ ਕਿਸਾਨਾਂ ਨੂੰ ਜਦੋਂ ਵਿਧਾਇਕ ਦੇ ਪਿੰਡ ਆਉਣ ਦਾ ਪਤਾ ਲੱਗਾ ਤਾਂ ਉਹ ਵੀ ਮੌਕੇ ’ਤੇ ਪੁੱਜ ਗਏ ਤੇ ਵਿਧਾਇਕ ਨੂੰ ਆਪਣੀ ਫਸਲ ਦੀ ਬੋਲੀ ਨਾ ਲੱਗਣ ਸਬੰਧੀ ਸਵਾਲ ਜਵਾਬ ਕਰਨ ਲੱਗੇ। ਇਸਦੇ ਚਲਦਿਆਂ ਦੋਵਾਂ ਧਿਰਾਂ ਵਿਚਕਾਰ ਤੂੰ-ਤੂੰ-ਮੈ-ਮੈ ਸ਼ੁਰੂ ਹੋ ਗਈ। ਮੌਕੇ ’ਤੇ ਪੁੱਜੀ ਪੁਲਿਸ ਨੇ 16 ਕਿਸਾਨਾਂ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਬੰਦ ਕਰ ਦਿੱਤਾ। ਹਿਰਾਸਤ ਵਿਚ ਲਏ ਲੋਕਾਂ ਵਿਚ ਕਸ਼ਮੀਰ ਸਿੰਘ, ਗੁਰਚਰਨ ਸਿੰਘ, ਮਨਜੀਤ ਸਿੰਘ ਸਾਬਕਾ ਸਰਪੰਚ, ਮੇਘ ਸਿੰਘ, ਮੇਜਰ ਸਿੰਘ, ਮਹਿੰਦਰ ਸਿੰਘ, ਜਗਦੇਵ ਸਿੰਘ, ਹਰਬੰਸ ਸਿੰਘ, ਸੁਰਜੀਤ ਸਿੰਘ, ਅਜੈਬ ਸਿੰਘ, ਜਰਨੈਲ ਕੌਰ, ਮਨਜੀਤ ਕੌਰ, ਹਰਬੰਸ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਬਲਜੀਤ ਸਿੰਘ ਸ਼ਾਮਲ ਸਨ। ਜਦੋ ਇਸ ਸੰਬੰਧੀ ਕਿਸਾਨ ਯੂਨੀਅਨਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਥਾਣਾ ਸਿਟੀ ਅੱਗੇ ਰੋਸ ਧਰਨਾ ਲਾ ਕੇ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਕਾਂਗਰਸੀ ਆਗੂ ਵੀ ਕਿਸਾਨਾਂ ਦੇ ਧਰਨੇ ਦੇ ਸਮਰਥਣ ਵਿੱਚ ਆ ਗਏ। ਕਾਂਗਰਸੀ ਆਗੂ ਹਰਪਾਲ ਸੋਨੂੰ, ਰੋਕੀ ਬਾਂਸਲ, ਮਨੀ ਕਥੂਰੀਆਂ, ਨਵੀਨ ਕੁਮਾਰ ਬੱਗਾ ਨੇ ਕਿਹਾ ਕਿ ਆਮ ਆਦਮੀ ਦੀ ਪਾਰਟੀ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਰੇਆਮ ਕਿਸਾਨਾਂ ਤੇ ਗੁੰਡਾਗਰਦੀ ਕਰਕੇ ਆਪਣਾ ਅਸਲੀ ਚਿਹਰਾ ਬੇਨਕਾਬ ਕਰ ਦਿੱਤਾ। ਪ੍ਰੰਤੂ ਅਜਿਹੀ ਧੱਕੇਸ਼ਾਹੀ ਨੂੰ ਸਹਿਣ ਨਹੀ ਕੀਤਾ ਜਾਵੇਗਾ ਅਤੇ ਇਸਦਾ ਡਟਕੇ ਵਿਰੋਧ ਕੀਤਾ ਜਾਵੇਗਾ। ਵਿਧਾਇਕ ਨੂੰ ਇਸਦਾ ਖਮਿਆਜਾ ਆਉਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਪੁਲਿਸ ਨੇ ਕਰੀਬ ਢਾਈ ਤਿੰਨ ਘੰਟਿਆਂ ਬਾਅਦ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ। ਕਣਕ ਸੁੱਟਣ ਨੂੰ ਵੀ ਹੁਣ ਥਾਂ ਨਹੀਂ ਬਚੀ ਪਿੰਡ ਭਿੰਡਰਾਂ ਦੇ ਸਾਬਕਾ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਨਾ ਹੋਣ ਕਾਰਨ 400 ਢੇਰੀਆਂ ਪਈਆਂ ਹਨ ਅਤੇ ਅਨਾਜ ਮੰਡੀ ਵਿੱਚ ਕਣਕ ਸੁੱਟਣ ਨੂੰ ਵੀ ਹੁਣ ਥਾਂ ਨਹੀ ਬਚੀ। ਜਿਸਦੇ ਚਲਦਿਆਂ ਵਿਧਾਇਕ ਨੂੰ ਬੇਨਤੀ ਕੀਤੀ ਗਈ ਕਿ ਕਣਕ ਦੀ ਖਰੀਦ ਸ਼ੁਰੂ ਕਰਵਾਈ ਜਾਵੇ, ਪ੍ਰੰਤੂ ਵਿਧਾਇਕ ਨੇ ਕੋਈ ਗੱਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਥਾਣੇ ਬੰਦ ਕਰਵਾ ਦਿੱਤਾ।