ਕਣਕ ਦੀ ਖਰੀਦ ਨਾ ਹੋਣ ਤੇ ਭੜਕੇ ਕਿਸਾਨ
ਕਣਕ ਦੀ ਖਰੀਦ ਨਾ ਹੋਣ ਤੇ ਭੜਕੇ ਕਿਸਾਨ
Publish Date: Tue, 14 Apr 2026 04:53 PM (IST)
Updated Date: Wed, 15 Apr 2026 04:03 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਭਵਾਨੀਗੜ੍ਹ ਵੱਲੋਂ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਕਿਸਾਨਾਂ ਨੇ ਦਾਣਾ ਮੰਡੀ ਭਵਾਨੀਗੜ੍ਹ ਵਿਖੇ ਕਣਕ ਦੀ ਖਰੀਦ ਨਾ ਹੋਣ ਦੇ ਚਲਦਿਆਂ ਰੋਸ ਜਾਹਿਰ ਕੀਤਾ। ਇਸ ਮੌਕੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਖਜਾਨਚੀ ਬਲਵਿੰਦਰ ਸਿੰਘ ਘਨੋੜ, ਬਲਾਕ ਜਰਨਲ ਸਕੱਤਰ ਜਸਬੀਰ ਸਿੰਘ ਗੱਗੜਪੁਰ ਨੇ ਕਿਹਾ ਕਿ ਸਰਕਾਰ ਵੱਲੋ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਅੱਜ 13 ਅਪ੍ਰੈਲ ਤੱਕ ਖਰੀਦ ਏਜੰਸੀਆਂ ਦਾ ਕੋਈ ਵੀ ਅਧਿਕਾਰੀ ਮੰਡੀਆਂ ਵਿੱਚ ਨਹੀਂ ਪਹੁੰਚਿਆ ਅਤੇ ਕਿਸਾਨ ਮੰਡੀਆਂ ਵਿੱਚ ਰੂਲਣ ਨੂੰ ਮਜ਼ਬੂਰ ਹਨ। ਆਗੂਆਂ ਨੇ ਕਿਹਾ ਕਿ ਭਾਰਤ ਦੇ 26 ਰਾਜਾਂ ਵਿੱਚ ਸਰਕਾਰ ਪਹਿਲਾਂ ਹੀ ਖ਼ਰੀਦ ਨਹੀਂ ਕਰਦੀ ਅਤੇ ਹੁਣ ਹਰਿਆਣਾ ਤੇ ਪੰਜਾਬ ਵਿੱਚ ਵੀ ਖਰੀਦ ਏਜੰਸੀਆਂ ਨੂੰ ਕਣਕ ਦੀ ਖਰੀਦ ਕਰਨ ਤੋਂ ਰੋਕ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਤਾਂ ਵਿਚਾਰੇ ਪਹਿਲਾਂ ਹੀ ਬੇਮੌਸਮੀ ਬਰਸਾਤ ਦੀ ਮਾਰ ਨਾਲ ਜੂਝ ਰਹੇ ਅਤੇ ਹੁਣ ਹਰ ਥਾਂ ਖਬਰਾਂ ਚੱਲ ਰਹੀਆਂ ਹਨ ਕਿ ਕੇਂਦਰ ਸਰਕਾਰ ਨੇ ਪੰਜਾਬ ਦੀਆਂ ਖਰੀਦ ਏਜੰਸੀਆਂ ਨੂੰ ਖਰੀਦ ਕਰਨ ਤੋਂ ਰੋਕ ਦਿੱਤਾ ਹੈ। ਆਗੂਆਂ ਨੇ ਦੱਸਿਆ ਕਿ ਸੂਬੇ ਅੰਦਰ ਪਿਛਲੇ ਤਿੰਨ ਦਿਨਾਂ ਤੋਂ ਕੇਂਦਰ ਦੀ ਨੌ-ਮੈਂਬਰੀ ਟੀਮ ਆਈ ਹੋਈ ਹੈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਲਗਭਗ 10 ਦਿਨਾਂ ਤੋਂ ਜੋ ਬੇ-ਮੌਸਮੀ ਬਾਰਿਸ਼ ਜਾਰੀ ਹੈ। ਆਗੂਆਂ ਨੇ ਕਿਹਾ ਕਿ ਮੌਸਮ ਦੀ ਮਾਰ ਨਾਲ ਕਣਕ ਦੇ ਝਾੜ ਘਟਣ ਦੀ ਸੰਭਾਵਨਾ ਹੈ ਜਿਸ ਲਈ ਕਿਸਾਨਾਂ ਨੂੰ ਬੋਨਸ ਮਿਲਣਾ ਚਾਹੀਦਾ ਸੀ ਪਰ ਉਲਟਾ ਕੇਂਦਰ ਸਰਕਾਰ ਬਾਰਿਸ਼ ਦਾ ਬਹਾਨਾ ਬਣਾ ਕੇ ਪੰਜਾਬ ਵਿੱਚ ਟੀਮਾਂ ਭੇਜ ਰਹੀ ਹੈ ਜੋ ਕਣਕ ਦੀ ਜਾਂਚ ਕਰਕੇ ਗੁਣਵੱਤਾ ਤੈਅ ਕਰੇਗੀ ਕਿ ਕਿੰਨਾ ਦਾਣਾ ਕਾਲਾ ਹੋਇਆ ਜਾ ਮਾਜੂ ਹੋਇਆ, ਜਿਸ ਆਧਾਰ ’ਤੇ ਭਾਅ ਘਟਾਇਆ ਜਾ ਸਕਦਾ ਹੈ। ਇਸ ਮੌਕੇ ਬਲਾਕ ਆਗੂ ਗੁਰਦੇਵ ਸਿੰਘ ਆਲੋਅਰਖ, ਕਸ਼ਮੀਰ ਸਿੰਘ ਆਲੋਅਰਖ, ਕੁਲਦੀਪ ਸਿੰਘ ਬਖੋਪੀਰ, ਕਰਮ ਚੰਦ ਪੰਨਵਾਂ ਮੌਜੂਦ ਸੀ।