ਬਠਿੰਡਾ ’ਚ ਪ੍ਰਦਰਸ਼ਨ ਨੂੰ ਲੈਕੇ ਕਿਸਾਨ ਬੀਬੀਆਂ ਨੇ ਵਿੱਢੀ ਲਾਮਬੰਦੀ
ਬਠਿੰਡਾ ’ਚ ਪ੍ਰਦਰਸ਼ਨ ਨੂੰ ਲੈਕੇ ਕਿਸਾਨ ਬੀਬੀਆਂ ਨੇ ਵਿੱਢੀ ਲਾਮਬੰਦੀ
Publish Date: Tue, 03 Mar 2026 03:41 PM (IST)
Updated Date: Wed, 04 Mar 2026 03:59 AM (IST)

ਕਿਹਾ- ਪੁਲਿਸ ਜ਼ਬਰ ਨਾਲ ਸੰਘਰਸ਼ਾਂ ਨੂੰ ਨਹੀਂ ਦੱਬਿਆ ਜਾ ਸਕਦਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਪੁਲਿਸ ਜ਼ਬਰ ਦੇ ਖ਼ਿਲਾਫ਼ ਚਾਰ ਦਰਜਨ ਦੇ ਕਰੀਬ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ 6 ਮਾਰਚ ਨੂੰ ਬਠਿੰਡਾ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਭਰਵੀਂ ਸ਼ਮੂਲੀਅਤ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਝੰਡੇ ਹੇਠ ਕਿਸਾਨ ਬੀਬੀਆਂ ਨੇ ਪਿੰਡਾਂ ਵਿਚ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਕਿਸਾਨੀ ਝੰਡੇ ਲੈ ਕੇ ਕਿਸਾਨ ਬੀਬੀਆਂ ਬਕਾਇਦਾ ਪ੍ਰਚਾਰ ਕਰ ਰਹੀਆਂ ਹਨ। ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਸੁਨਾਮ ਔਰਤਾਂ ਦੀ ਜਥੇਬੰਦੀ ਦੀ ਮੋਹਰੀ ਆਗੂ ਜਸਬੀਰ ਕੌਰ ਉਗਰਾਹਾਂ ਨੇ ਆਖਿਆ ਕਿ ਸੂਬੇ ਦੀ ਸਰਕਾਰ ਕਿਸਾਨਾਂ ’ਤੇ ਪੁਲਿਸ ਜ਼ਬਰ ਕਰ ਕੇ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ। ਸਰਕਾਰਾਂ ਅਜਿਹੇ ਹੱਥਕੰਡੇ ਵਰਤਕੇ ਸ਼ੰਘਰਸ਼ਾਂ ਨੂੰ ਨਹੀਂ ਦੱਬ ਸਕਦੀਆਂ। ਉਨ੍ਹਾਂ ਆਖਿਆ ਕਿ 6 ਮਾਰਚ ਨੂੰ ਪੁਲਸੀਆ ਜ਼ਬਰ ਦੇ ਖ਼ਿਲਾਫ਼ ਬਠਿੰਡਾ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਵਿਚ ਕਿਸਾਨ ਬੀਬੀਆਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੀਆਂ। ਕਿਸਾਨ ਬੀਬੀਆਂ ਦੀ ਅਗਵਾਈ ਕਰ ਰਹੀ ਜਸਵੀਰ ਕੌਰ ਉਗਰਾਹਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਨੂੰ ਕੁਚਲਣ ਲਈ ਪੱਬਾਂ ਭਾਰ ਹੋ ਰਹੀਆਂ ਹਨ। ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਤਹਿਤ ਕਿਸਾਨੀ ਕਿੱਤਾ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸੌਂਪਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਜਥੇਬੰਦੀਆਂ ਅਜਿਹੇ ਵਰਤਾਰੇ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕਰਨਗੀਆਂ। ਇਸ ਮੌਕੇ ਪਿੰਡ ਉਗਰਾਹਾਂ ਇਕਾਈ ਦੀ ਚੋਣ ਕੀਤੀ ਗਈ। ਜਥੇਬੰਦੀ ਦੇ ਬਲਾਕ ਆਗੂ ਰਾਮ ਸਰਨ ਸਿੰਘ ਉਗਰਾਹਾਂ ਅਤੇ ਜੀਤ ਸਿੰਘ ਗੰਢੂਆਂ ਨੇ ਦੱਸਿਆ ਕਿ ਪ੍ਰਧਾਨ ਮਹਿੰਦਰ ਕੌਰ, ਮੀਤ ਪ੍ਰਧਾਨ ਅਮਰਜੀਤ ਕੌਰ ,ਸੈਕਟਰੀ ਅਜਮੇਰ ਕੌਰ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ, ਸਲਾਹਕਾਰ ਮੈਂਬਰ ਜਰਨੈਲ ਕੌਰ, ਖਜਾਨਚੀ ਗੁਰਮੀਤ ਕੌਰ, ਰਾਣੀ ਕੌਰ ਅਤੇ ਜਸਵੀਰ ਕੌਰ ਨੂੰ ਮੈਂਬਰ ਬਣਾਇਆ ਗਿਆ ਹੈ।