ਰਿਹਾਈ ਉਪਰੰਤ ਕਿਸਾਨ ਆਗੂ ਤੇ ਔਰਤਾਂ ਦਾ ਕੀਤਾ ਸਨਮਾਨ
ਰਿਹਾਈ ਉਪਰੰਤ ਕਿਸਾਨ ਆਗੂਆਂ 'ਤੇ ਆਗੂ ਔਰਤਾਂ ਦਾ ਕੀਤਾ ਸਨਮਾਨ
Publish Date: Sat, 07 Feb 2026 06:00 PM (IST)
Updated Date: Sun, 08 Feb 2026 04:06 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਘਰਾਚੋਂ ਵਿਖੇ ਜਥੇਬੰਦੀ ਦੇ ਆਗੂ ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ, ਸਤਵਿੰਦਰ ਸਿੰਘ ਘਰਾਚੋਂ, ਰਘਵੀਰ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜ੍ਹਪੁਰ ਦੀ ਅਗਵਾਈ ਹੇਠ ਗ੍ਰਿਫ਼ਤਾਰੀ ਮਗਰੋਂ ਰਿਹਾਅ ਹੋਏ ਕਿਸਾਨ ਆਗੂਆਂ ਤੇ ਔਰਤਾਂ ਨੂੰ ਜਥੇਬੰਦੀ ਨੇ ਸਨਮਾਨਿਤ ਕੀਤਾ। ਆਗੂਆਂ ਨੇ ਕਿਹਾ ਕਿ ਕੱਲ ਬਠਿੰਡਾ ਜਾਣ ਵੇਲੇ ਪੁਲਿਸ ਨੇ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਸ਼ਾਮ ਨੂੰ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੂੰ ਤੇ ਸਾਰੇ ਵਰਕਰਾਂ ਨੂੰ ਥਾਣਿਆਂ ਚੋਂ ਰਿਹਾ ਕਰਵਾਇਆ ਗਿਆ ਅਤੇ ਉਨ੍ਹਾਂ ਸਾਰੇ ਲੋਕਾਂ ਦਾ ਅੱਜ ਪਿੰਡ ਘਰਾਚੋਂ ਦੀ ਇਕਾਈ ਵੱਲੋਂ ਸਿਰਪਾਓ ਨਾਲ ਸਨਮਾਨ ਕੀਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਜੋ ਜ਼ਮੀਨੀ ਘੋਲ ਬਠਿੰਡੇ ਜ਼ਿਲ੍ਹੇ ਅੰਦਰ ਚੱਲ ਰਿਹਾ ਹੈ ਉਸਦੇ ਅਧੀਨ ਭਗਵੰਤ ਮਾਨ ਦੀ ਸਰਕਾਰ ਨੇ 2 ਕਿਸਾਨ ਆਗੂਆਂ ਨੂੰ ਜੇਲ੍ਹ ਭੇਜਿਆ ਹੋਇਆ ਹੈ ਇਨ੍ਹਾਂ ਆਗੂਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਜ਼ਮਾਨਤ ਨਹੀਂ ਦਿੱਤੀ ਜਾ ਰਹੀ। ਕਿਸਾਨ ਆਗੂ ਸ਼ਗਨਦੀਪ ਸਿੰਘ ਜਿਉਂਦ ਤੇ ਬਲਦੇਵ ਸਿੰਘ ਚਾਓਕੇ ਨੂੰ ਰਿਹਾਅ ਕਰਵਾਉਣ ਵਾਸਤੇ 6 ਫਰਵਰੀ ਨੂੰ ਬਠਿੰਡਾ ਦੇ ਸੈਕਟਰੀਏਟ ਨੂੰ ਲਗਾਤਾਰ ਦਿਨ-ਰਾਤ ਘੇਰ ਕੇ ਰੱਖੇ ਜਾਣ ਦਾ ਐਲਾਨ ਕੀਤਾ ਸੀ ਜਿਸ ਤੋਂ ਬੌਖਲਾਈ ਪੰਜਾਬ ਸਰਕਾਰ ਦੇ ਅੱਜ ਥਾਂ-ਥਾਂ ’ਤੇ ਵੱਡੀ ਗਿਣਤੀ ਪੁਲਿਸ ਫੋਰਸ ਲਾ ਕੇ ਲੋਕਾਂ ’ਤੇ ਭਾਰੀ ਲਾਠੀ ਚਾਰਜ ਤੇ ਅੱਥਰੂ ਗੈਂਸ ਚਲਾਕੇ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਲੋਕ ਡਰ ਕੇ ਘਰਾਂ ਵਿਚ ਨਹੀਂ ਬੈਠਣਗੇ। ਇਸ ਕਰ ਕੇ ਅੱਜ ਹੋਰ ਵੀ ਵੱਡੀ ਗਿਣਤੀ ਚ ਲੋਕ ਘਰਾਂ ਚੋਂ ਬਾਹਰ ਨਿਕਲ ਕੇ ਆਏ ਤੇ ਅਗਲੇ ਸੰਘਰਸ਼ਾਂ ਲਈ ਤਿਆਰ ਹੋਏ। ਬੀਤੇ ਕੱਲ੍ਹ ਜੋ ਪਿੰਡ ਘਰਾਚੋਂ ਵਿੱਚੋਂ ਲਗਭਗ 40 ਕਿਸਾਨ ਤੇ ਔਰਤਾਂ ਗ੍ਰਿਫ਼ਤਾਰ ਹੋਈਆਂ ਸਨ, ਦਾ ਜਥੇਬੰਦੀ ਵੱਲੋਂ ਅੱਜ ਵਿਸ਼ੇਸ਼ ਸਨਮਾਨ ਕੀਤਾ ਗਿਆ।