ਫੈਕਟਰੀ ਦੇ ਪ੍ਰਦੂਸ਼ਣ ਖਿਲਾਫ ਲਾਏ ਧਰਨੇ ਨੂੰ ਮਿਸਲ ਸਤਲੁਜ ਦੀ ਹਮਾਇਤ
ਫੈਕਟਰੀ ਦੇ ਪ੍ਰਦੂਸ਼ਣ ਖਿਲਾਫ ਲਾਏ ਧਰਨੇ ਨੂੰ ਮਿਸਲ ਸਤਲੁਜ ਦੀ ਹਮਾਇਤ
Publish Date: Thu, 11 Jun 2026 05:48 PM (IST)
Updated Date: Fri, 12 Jun 2026 04:09 AM (IST)

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਪਿੰਡ ਦੌਣਕਲਾਂ ਵਿਖੇ ਸਥਿਤ ਇੱਕ ਟਾਇਰ ਫੈਕਟਰੀ ਵਲੋਂ ਫੈਲਾਏ ਜਾ ਰਹੇ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਵਾਸੀਆਂ ਵਲੋਂ ਲਾਏ ਧਰਨੇ ਨੂੰ ਉਸ ਵੇਲੇ ਹੋਰ ਮਜਬੂਤੀ ਮਿਲੀ ਜਦੋਂ ਮਿਸਲ ਸਤਲੁਜ ਦੇ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਜਸਮੀਤ ਕੌਰ ਛੀਨਾ ਦੀ ਅਗਵਾਈ ਹੇਠ ਧਰਨਾਕਾਰੀਆਂ ਨਾਲ ਜਥੇਬੰਦੀ ਦੇ ਕਾਰਕੁੰਨਾਂ ਨੇ ਧਰਨੇ ’ਚ ਸ਼ਾਮਲ ਹੋ ਕੇ ਆਪਣੀ ਪੂਰੀ ਹਮਾਇਤ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਇਲਾਕੇ ਦੇ 12 ਪਿੰਡਾਂ ਦੀਆਂ ਪੰਚਾਇਤਾਂ ਨੇ ਟਾਇਰ ਫੈਕਟਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਟਾਇਰ ਫੈਕਟਰੀ ਨੂੰ ਬੰਦ ਕਰਨ ਦਾ ਅਹਿਦ ਲਿਆ। ਇਸ ਮੌਕੇ ਬੀਬੀ ਜਸਮੀਤ ਕੌਰ ਛੀਨਾ ਨੇ ਕਿਹਾ ਕਿ ਇਸ ਫੈਕਟਰੀ ’ਚ ਟਾਇਰਾਂ ਦੀ ਰੀਸਾਇਕÇਲੰਗ ਦੌਰਾਨ ਨਿਕਲਣ ਵਾਲਾ ਧੂੰਆਂ ਤੇ ਪ੍ਰਦੂਸ਼ਣ ਲੋਕਾਂ ਦੀ ਸਿਹਤ ਲਈ ਵੱਡਾ ਖਤਰਾ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕ ਸਾਹ ਤੇ ਅਸਥਮਾ ਵਰਗੀਆਂ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਫੈਕਟਰੀ ’ਚ ਬਾਹਰੋਂ ਵੱਡੇ ਪੱਧਰ ’ਤੇ ਕੰਡਮ ਟਾਇਰ ਲਿਆਂਦੇ ਜਾਂਦੇ ਹਨ। ਉਨਾਂ ਟਾਇਰਾਂ ਨੂੰ ਅੱਗ ਨਾਲ ਫੂਕ ਕੇ ਉਨਾਂ ’ਚੋਂ ਤੇਲ, ਕਾਰਬਨ ਅਤੇ ਤਾਰ ਕੱਢੀ ਜਾਂਦੀ ਹੈ। ਟਾਇਰਾਂ ਦੀ ਅੱਗ ਨਾਲ ਚਿਮਨੀਆਂ ’ਚੋਂ ਜੋ ਕਾਲਾ ਧੂੰਆ ਨਿਕਲਦਾ ਹੈ ਉਹ ਹਵਾ ਦੇ ਨਾਲ ਜਿਸ ਪਾਸੇ ਵੀ ਜਾਂਦਾ ਹੈ, ਭਾਰੀ ਪ੍ਰਦੂਸ਼ਣ ਫੈਲਾਉਂਦਾ ਹੈ। ਇਸ ਧੂੰਏਂ ’ਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਫਸਲਾਂ ਕਾਲੀਆਂ ਹੋ ਕੇ ਸੁੱਕ ਜਾਂਦੀਆਂ ਹਨ। ਇਸ ਫੈਕਟਰੀ ਵਲੋਂ ਧਰਤੀ ਹੇਠਲੇ ਗ੍ਰਾਂਉਂਡ ਵਾਟਰ ਨੂੰ ਵੀ ਖਰਾਬ ਕੀਤਾ ਜਾ ਰਿਹਾ ਹੈ। ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਕਾਰਨ ਮਨੁੱਖੀ ਜਾਨਾਂ, ਪਸ਼ੂਆਂ ਦੀ ਸਿਹਤ ਅਤੇ ਫਸਲਾਂ ਲਈ ਖਤਰਾ ਬਣਿਆ ਹੋਇਆ ਹੈ। ਧਰਨਾਕਾਰੀਆਂ ਨੇ ਦੱਸਿਆ ਕਿ ਫੈਕਟਰੀ ਵਲੋਂ ਪ੍ਰਦੂਸ਼ਣ ਰੋਕਣ ਲਈ ਲੋੜੀਂਦਾ ਟਰੀਟਮੈਂਟ ਪਲਾਂਟ ਨਹੀਂ ਲਗਾਇਆ ਗਿਆ ਹੈ। ਇਸ ਮੌਕੇ ਬੀਬੀ ਛੀਨਾ ਨੇ ਕਿਹਾ ਕਿ ਮਿਸਲ ਸਤਲੁਜ ਹਮੇਸ਼ਾ ਲੋਕ ਦੇ ਸਿਹਤ, ਵਾਤਾਵਰਣ ਅਤੇ ਜੀਵਨ ਅਧਿਕਾਰਾਂ ਦੀ ਰੱਖਿਆ ਲਈ ਚੱਲ ਰਹੀਆਂ ਜਨ ਲਹਿਰਾਂ ’ਚ ਲੋਕਾਂ ਨਾਲ ਡੱਟ ਕੇ ਖੜ੍ਹਦੀ ਰਹੇਗੀ। ਇਸ ਮੌਕੇ ਉਨਾਂ ਨਾਲ ਮਿਸਲ ਸਤਲੁਜ ਦੇ ਸਰਗਰਮ ਮੈਂਬਰਾਂ ’ਚ ਬੀਬੀ ਜਸਵਿੰਦਰ ਕੌਰ, ਹਰਜੀਤ ਕੌਰ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਅਤੇ ਪ੍ਰਦੀਪ ਕੁਮਾਰ ਪਰਵਾਨਾ ਸਮੇਤ ਹੋਰ ਮੈਂਬਰ ਵੀ ਹਾਜਰ ਸਨ।