ਜ਼ਿਲ੍ਹੇ ਭਰ ’ਚ ਸਮਾਜ ਵਿਰੋਧੀ ਅਨਸਰਾਂ ’ਤੇ ਤਿੱਖੀ ਨਜ਼ਰ
ਜ਼ਿਲ੍ਹੇ ਭਰ ਵਿੱਚ ਵਿਆਪਕ ਕਾਸੋ ਅਪਰੇਸ਼ਨ; ਸਮਾਜ ਵਿਰੋਧੀ ਅਨਸਰਾਂ 'ਤੇ ਤਿੱਖੀ ਨਜ਼ਰ
Publish Date: Sat, 31 Jan 2026 07:59 PM (IST)
Updated Date: Sun, 01 Feb 2026 04:14 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਦੇ ਸਪਸ਼ਟ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸਪੀ (ਐੱਚ) ਰਾਜੇਸ਼ ਛਿੱਬਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ’ਚ ਕਾਸੋ ਅਪਰੇਸ਼ਨ ਚਲਾਏ ਗਏ। ਇਸ ਦੌਰਾਨ ਬੱਸ ਸਟੈਂਡ ਸੰਗਰੂਰ ਸਮੇਤ ਹੋਰ ਭੀੜ-ਭਾੜ ਵਾਲੇ ਸਥਾਨਾਂ, ਸੰਵੇਦਨਸ਼ੀਲ ਖੇਤਰਾਂ, ਮੁੱਖ ਸੜਕਾਂ ਤੇ ਆਵਾਜਾਈ ਕੇਂਦਰਾਂ ’ਤੇ ਪੁਲਿਸ ਨਾਕਾਬੰਦੀ ਤੇ ਚੈਕਿੰਗ ਮੁਹਿੰਮ ਚਲਾਈ। ਪੁਲਿਸ ਟੀਮਾਂ ਵੱਲੋਂ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਤੇ ਵਾਹਨਾਂ ਦੀ ਤਲਾਸ਼ੀ ਲਈ ਗਈ। ਕਾਸੋ ਆਪ੍ਰੇਸ਼ਨਾਂ ਦਾ ਮੁੱਖ ਉਦੇਸ਼ ਨਸ਼ਿਆਂ ਦੀ ਤਸਕਰੀ, ਗੈਰਕਾਨੂੰਨੀ ਸਰਗਰਮੀਆਂ, ਲੁੱਟ-ਖੋਹ, ਚੋਰੀਆਂ ਤੇ ਹੋਰ ਅਪਰਾਧਿਕ ਗਤਿਵਿਧੀਆਂ ਤੇ ਅੰਕੁਸ਼ ਲਗਾਉਣਾ ਸੀ। ਇਸ ਮੌਕੇ ਐੱਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਜਾਂ ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਸਰਗਰਮੀ ਬਾਰੇ ਜਾਣਕਾਰੀ ਨਿਰਭੀਕ ਹੋ ਕੇ ਪੁਲਿਸ ਨਾਲ ਸਾਂਝੀ ਕੀਤੀ ਜਾਵੇ। ਇਸ ਮੌਕੇ ਡੀਐੱਸਪੀ (ਆਰ) ਸੰਗਰੂਰ ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਹਾਜ਼ਰ ਸਨ।