ਸਰਕਾਰ ਦੇ ਚਾਰ ਸਾਲ ਬੀਤਣ ਤੇ ਵੀ ਅਧਿਆਪਕ ਦੇ ਮੰਗਾਂ ਮਸਲੇ ਜਿਉਂ ਦੇ ਤਿਉ
ਸਰਕਾਰ ਦੇ ਚਾਰ ਸਾਲ ਬੀਤਣ ਤੇ ਵੀ ਅਧਿਆਪਕ ਦੇ ਮੰਗਾਂ ਮਸਲੇ ਜਿਉਂ ਦੇ ਤਿਉ
Publish Date: Mon, 05 Jan 2026 03:42 PM (IST)
Updated Date: Tue, 06 Jan 2026 04:00 AM (IST)

ਅਧਿਆਪਕਾਂ ਨੂੰ ਤੁਰੰਤ ਪੱਕਾ ਕਰੇ ਸਰਕਾਰ : ਡੀਟੀਐੱਫ਼ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਦੇ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਤੇ ਜ਼ਿਲ੍ਹਾ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਅਧਿਆਪਕਾਂ ਦੀਆਂ ਰੈਲੀਆਂ ’ਚ ਜਾ ਕੇ ਇਹ ਭਰੋਸੇ ਦਿੱਤੇ ਗਏ ਸਨ ਕਿ ਸਰਕਾਰ ਬਣਨ ਦੇ ਪਹਿਲੇ ਦਿਨ ਸਾਡਾ ਹਰਾ ਪੈੱਨ ਤੁਹਾਡੇ ਹੱਕ ਵਿਚ ਚੱਲੇਗਾ ਪ੍ਰੰਤੂ ਇਹ ਭਰੋਸੇ ਨਿਰਾ ਝੂਠ ਨਿਕਲੇ। ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਨਿੱਤ ਦਿਨ ਸੜਕਾਂ ’ਤੇ ਰੁਲ ਰਹੇ ਹਨ, ਉਨ੍ਹਾਂ ਵੱਲੋਂ ਪੜ੍ਹਾਏ ਗਏ ਵਿਦਿਆਰਥੀ ਵੱਡੇ-ਵੱਡੇ ਅਹੁਦਿਆਂ ’ਤੇ ਕੰਮ ਕਰ ਰਹੇ ਹਨ ਪਰ ਇਹ ਅਧਿਆਪਕ ਆਪ ਠੇਕੇ ਦੀ ਨੌਕਰੀ ਦਾ ਸੰਤਾਪ ਹੰਢਾ ਰਹੇ ਹਨ। ਇਸੇ ਤਰ੍ਹਾਂ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਨੇ ਅਨੇਕ ਵਾਰ ਭਰੋਸਾ ਦਿੱਤਾ ਪਰ ਉਨ੍ਹਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ। ਸਿੱਟੇ ਵਜੋਂ ਉਹ ਵੀ ਲਗਾਤਾਰ ਸੰਘਰਸ਼ ਦੇ ਮੈਦਾਨ ਵਿਚ ਹਨ। ਸਭ ਤੋਂ ਵੱਧ ਚਰਚਾ ’ਚ ਰਹੇ ਕੱਚੇ ਅਧਿਆਪਕ ਜੋ 20-20 ਸਾਲ ਤੋਂ ਨਿਗੂਣੀ ਤਨਖਾਹ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਨਾਲ ਤਾਂ ਬਹੁਤ ਵੱਡਾ ਝੂਠ ਬੋਲਿਆ ਗਿਆ, ਉਨ੍ਹਾਂ ਦੇ ਤਨਖਾਹ ਵਾਧੇ ਨੂੰ ਹੀ ਪੱਕਾ ਕਰਨਾ ਦੱਸਿਆ ਗਿਆ ਤੇ ਉਹ ਅੱਜ ਵੀ ਆਪਣੇ ਰੈਗੂਲਰ ਹੋਣ ਲਈ ਸੜਕਾਂ ’ਤੇ ਹਨ। ਇਸੇ ਤਰ੍ਹਾਂ ਸਕੂਲਾਂ ਵਿੱਚ ਆਊਟ ਸੋਰਸਿੰਗ ਤੇ ਰੱਖੇ ਐੱਨਐੱਸਕਿਉਐੱਫ ਅਧਿਆਪਕ ਵੀ ਪੱਕੇ ਹੋਣ ਲਈ ਜੱਦੋ-ਜਹਿਦ ਕਰ ਰਹੇ ਹਨ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਜਥੇਬੰਦਕ ਸਕੱਤਰ ਪਵਨ ਕੁਮਾਰ, ਵਿੱਤ ਸਕੱਤਰ ਯਾਦਵਿੰਦਰ ਪਾਲ ਅਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਮੁਕਤਸਰ ਨੇ ਕਿਹਾ ਕਿ ਅਧਿਆਪਕਾਂ ਦੀਆਂ ਵਿੱਤੀ ਮੰਗਾਂ 16 ਫੀਸਦੀ ਪੈਂਡਿੰਗ ਡੀਏ ਜਾਰੀ ਕਰਨਾ,ਪੁਰਾਣੀ ਪੈਨਸ਼ਨ ਲਾਗੂ ਕਰਨਾ,ਪੇ ਕਮਿਸ਼ਨ ਦੇ ਬਕਾਏ ਦੇਣਾ, ਪੇਂਡੂ ਭੱਤੇ ਸਮੇਤ 37 ਤਰਾਂ ਦੇ ਕੱਟੇ ਭੱਤੇ ਲਾਗੂ ਕਰਨਾ,2020 ਵਿੱਚ ਲਾਗੂ ਕੀਤੇ ਸੈਂਟਰ ਸਕੇਲ ਵਾਪਿਸ ਲੈਣਾ ਆਦਿ ਮੰਗਾਂ ਜਿਉਂ ਦੀਆਂ ਤਿਉਂ ਖੜ੍ਹੀਆਂ ਹਨ। ਆਪਣੀਆਂ ਮੰਗਾਂ ਮਨਵਾਉਣ ਲਈ ਮੁਲਾਜ਼ਮ ਤੇ ਅਧਿਆਪਕ ਇਸ ਸਾਲ ਸਰਕਾਰ ਨਾਲ ਤਿੱਖੀ ਟੱਕਰ ਲੈਣਗੇ।