ਗਣਤੰਤਰ ਦਿਵਸ ਮੌਕੇ ਮੁਲਾਜ਼ਮ ਸਰਕਾਰ ਨੂੰ ਭੇਜਣਗੇ ਰੋਸ ਪੱਤਰ
ਗਣਤੰਤਰ ਦਿਵਸ ਮੌਕੇ ਮੁਲਾਜ਼ਮ ਸਰਕਾਰ ਨੂੰ ਭੇਜਣਗੇ ਰੋਸ ਪੱਤਰ
Publish Date: Thu, 22 Jan 2026 04:11 PM (IST)
Updated Date: Fri, 23 Jan 2026 04:01 AM (IST)

ਪੁਰਾਣੀ ਪੈਨਸ਼ਨ ਬਹਾਲੀ ਮੋਰਚਾ ਨੇ ਕਿਹਾ ਸਰਕਾਰ ਵਾਅਦਿਆਂ ਤੋਂ ਮੁੱਕਰੀ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਆਗੂਆਂ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ, ਦਵਿੰਦਰ ਸੁਨਾਮ, ਸੁਰਿੰਦਰ ਸਿੰਘ, ਹਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਕਿਲਾ ਨੇ ਕਿਹਾ ਕਿ ਜਥੇਬੰਦੀ ਨੇ ਸੂਬਾ ਪੱਧਰ ਤੇ ਗਣਤੰਤਰ ਦਿਵਸ ਮੌਕੇ ਸੂਬਾ ਸਰਕਾਰ ਰੋਸ ਪੱਤਰ ਭੇਜਣ ਦਾ ਫੈਸਲਾ ਕੀਤਾ ਹੈ। ਸੂਬੇ ਦੀ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਕੇ ਵਾਰ-ਵਾਰ ਮੁਕਰ ਰਹੀ ਹੈ। ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਆਗੂਆਂ ਕੁਲਵਿੰਦਰ ਸਿੰਘ ਸਿੱਧੂ, ਦਵਿੰਦਰ ਸੁਨਾਮ ਤੇ ਗੁਰਪ੍ਰੀਤ ਸਿੰਘ ਕਿਲ੍ਹਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1- ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਕੀਤੀ ਜਾ ਰਹੀ ਟਾਲ-ਮਟੋਲ ਦੀ ਨੀਤੀ ਦੇ ਰੋਸ ਵਜੋਂ ਗਣਤੰਤਰ ਦਿਵਸ ਮੌਕੇ ਸਾਰੇ ਜਿਲ੍ਹਿਆਂ ਵਿੱਚੋਂ ਤਿਰੰਗਾ ਝੰਡਾ ਲਹਿਰਾਉਣ ਸਮੇਂ ਪੰਜਾਬ ਸਰਕਾਰ ਦੇ ਨਾਮ ਰੋਸ ਪੱਤਰ ਭੇਜੇ ਜਾਣਗੇ। ਆਮ ਆਦਮੀ ਪਾਰਟੀ ਵੱਲੋਂ 2021 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ 2 ਲੱਖ ਐੱਨਪੀਐੱਸ ਮੁਲਾਜ਼ਮਾਂ ਨਾਲ਼ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ 1 ਜਨਵਰੀ 2004 ਤੋਂ ਬਾਅਦ ਭਰਤੀ ਸਾਰੇ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ ਪਰ ਸਰਕਾਰ ਦੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਦੇ ਇੱਕ ਵੀ ਮੁਲਾਜ਼ਮ ਦਾ ਜੀਪੀਐੱਫ ਖਾਤਾ ਨਹੀਂ ਖੋਲ੍ਹਿਆ ਹੈ। ਜਿਸ ਨਾਲ ਪੰਜਾਬ ਦੇ ਐਨਪੀਐਸ ਮੁਲਾਜ਼ਮਾਂ ਵਿੱਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਸੂਬਾ ਸਰਕਾਰ ਵੱਲੋਂ 18 ਨਵੰਬਰ 2022 ਨੂੰ ਪੰਜਾਬ ਦੇ ਐਨਪੀਐਸ ਮੁਲਾਜ਼ਮਾਂ ਉੱਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ ਲੇਕਿਨ ਲਾਗੂ ਨਹੀਂ ਕੀਤਾ ਜਾ ਰਿਹਾ।