ਮੁਲਾਜ਼ਮਾਂ ਨੇ ਬਜਟ ’ਤੇ ਜਤਾਈ ਨਿਰਾਸ਼ਤਾ
ਮੁਲਾਜ਼ਮਾਂ ਨੇ ਬਜਟ ਤੇ ਜਤਾਈ ਨਿਰਾਸ਼ਤਾ
Publish Date: Sun, 08 Mar 2026 03:48 PM (IST)
Updated Date: Mon, 09 Mar 2026 04:00 AM (IST)

ਕਿਹਾ ਆਪ ਸਰਕਾਰ ਨੇ ਮੁਲਾਜ਼ਮਾਂ ਦੀ ਨਹੀਂ ਲਈ ਸਾਰ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੈਸ਼ਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਅਤੇ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਵਤਾਰ ਸਿੰਘ ਗੰਢੂਆਂ ਨੇ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੇਸ਼ ਕੀਤੇ 2 ਲੱਖ 60 ਹਜਾਰ ਕਰੋੜ ਰੁਪਏ ਦੇ ਬਜ਼ਟ ਵਿੱਚ ਮੁਲਾਜ਼ਮ ਵਰਗ ਨੂੰ ਅਣਡਿੱਠ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸੂਬੇ ਦਾ ਮੁਲਾਜ਼ਮ ਵਰਗ ਸਰਕਾਰ ਦੇ ਰਵੱਈਏ ਤੋਂ ਡਾਢਾ ਨਿਰਾਸ਼ ਦਿਖਾਈ ਦੇ ਰਿਹਾ ਹੈ। ਮੁਲਾਜ਼ਮ ਜਥੇਬੰਦੀਆਂ ਦੀ ਨੁਮਾਇੰਦਗੀ ਕਰਦੇ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੈਸ਼ਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਅਤੇ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਗੰਢੂਆਂ ਨੇ ਕਿਹਾ ਕਿ ਮੁਲਾਜ਼ਮ ਵਰਗ ਨੂੰ ਸੂਬਾ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਆਖ਼ਰੀ ਬਜ਼ਟ ਤੋਂ ਉਮੀਦ ਸੀ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਦੇ ਅਨੁਸਾਰ ਬਣਦਾ ਹੱਕ ਦੇਵੇਗੀ ਲੇਕਿਨ ਸਰਕਾਰ ਨੇ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਵਰਗ ਲਈ ਕੁੱਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੁਲਾਜ਼ਮ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹੈ। ਮੁਲਾਜ਼ਮਾਂ ਦੀਆਂ ਮੰਗਾਂ ਨੂੰ ਇਸ ਬਜਟ ’ਚ ਵੀ ਕੋਈ ਤਰਜੀਹ ਨਹੀਂ ਦਿੱਤੀ ਗਈ ਡੀਏ ਦੀਆਂ ਕਿਸ਼ਤਾਂ ਬਕਾਇਆ ਤੋਂ ਇਲਾਵਾ ਹੋਰ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਵਿਚਾਰਿਆ ਗਿਆ। ਪਰਖ ਸਮੇਂ ਦੌਰਾਨ ਪੂਰੀਆ ਤਨਖਾਹਾਂ ਸਮੇਤ ਸੱਤਵਾਂ ਤਨਖਾਹ ਕਮਿਸ਼ਨ ਜਨਵਰੀ 2026 ਤੋਂ ਗਠਨ ਕਰਨ ਸਬੰਧੀ ਕੋਈ ਐਲਾਨ ਨਹੀ ਕੀਤਾ । ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਅਣਦੇਖੀ ਕੀਤੀ ਜਾਣ ਦੇ ਰੋਸ ਵਜੋਂ ਮੁਲਾਜ਼ਮ ਜਥੇਬੰਦੀਆਂ ਨੇ ਅੱਜ ਤੋਂ ਲੈਕੇ 11 ਮਾਰਚ ਤੱਕ ਚੰਡੀਗੜ੍ਹ ਬਜ਼ਟ ਸ਼ੈਸ਼ਨ ਦੌਰਾਨ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਦਲਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਸਿੱਧੂ, ਰਵਿੰਦਰ ਸ਼ਰਮਾਹਾਜਰ ਸਨ।