ਮੁਲਾਜ਼ਮਾਂ ਨੇ ਫੂਕਿਆ ਬਿਜਲੀ ਮੰਤਰੀ ਦਾ ਪੁਤਲਾ
ਮੁਲਾਜ਼ਮਾਂ ਨੇ ਫੂਕਿਆ ਬਿਜਲੀ ਮੰਤਰੀ ਦਾ ਪੁਤਲਾ
Publish Date: Fri, 17 Apr 2026 04:16 PM (IST)
Updated Date: Sat, 18 Apr 2026 04:00 AM (IST)

ਮੰਤਰੀ ਦੇ ਅੜੀਅਲ ਰਵੱਈਏ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਬਿਜਲੀ ਕਾਮਿਆਂ ਦੀਆਂ ਮੰਗਾਂ ਪ੍ਰਤੀ ਬਿਜਲੀ ਮੰਤਰੀ ਦੇ ਅੱਖੜ ਰਵੱਈਏ ਤੇ ਪਾਵਰਕਾਮ ਦੀਆਂ ਜਾਇਦਾਦਾਂ ਵੇਚਣ ਲਈ ਉਤਾਵਲੇ ਹੋਣ ਖ਼ਿਲਾਫ਼ ਲਹਿਰਾਗਾਗਾ ਡਿਵੀਜ਼ਨ ਦੇ ਬਿਜਲੀ ਕਾਮਿਆਂ ਵੱਲੋਂ ਬਿਜਲੀ ਮੰਤਰੀ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ ਗਈ। ਇੰਪਲਾਈਜ਼ ਫੈਡਰੇਸ਼ਨ (ਚਾਹਲ ) ਦੇ ਸੂਬਾਈ ਆਗੂ ਪੂਰਨ ਸਿੰਘ ਖਾਈ ਲਹਿਰਾ, ਆਈਟੀਆਈ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪਿਸੋਰ, ਜੰਗੀਰ ਸਿੰਘ, ਇੰਪਲਾਈਜ਼ ਫੈਡਰੇਸ਼ਨ ਦੇ ਸੂਬਾ ਆਗੂ ਰਾਮ ਚੰਦਰ ਸਿੰਘ ਖਾਈ, ਜਸਵਿੰਦਰ ਸਿੰਘ ਜੱਸਾ ਆਗੂਆਂ ਨੇ ਕਿਹਾ ਕਿ ਬਿਜਲੀ ਮੰਤਰੀ ਤੇ ਪਾਵਰਕਾਮ ਮੈਨੇਜਮੈਂਟ ਬਿਜਲੀ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਹੱਲ ਨਹੀਂ ਕਰ ਰਹੀ। ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਮੁਲਾਜ਼ਮਾਂ ਦਾ ਡੀਏ ਲੰਬੇ ਸਮੇਂ ਤੋਂ ਰੋਕ ਕੇ ਰੱਖਿਆ ਹੋਇਆ ਹੈ, ਜਿਸ ਦੇ ਖਿਲਾਫ਼ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਵਲੋਂ ਆਪਣੇ ਸੰਘਰਸ਼ੀ ਪੜਾਅ ਵਜੋਂ ਪਹਿਲਾਂ ਹੀ ਵਰਕ ਟੂ ਰੂਲ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ ਅਤੇ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਤਾਂ ਹੋਰ ਵੀ ਤਿੱਖਾ ਸੰਘਰਸ਼ ਆਰੰਭ ਦਿੱਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਪ੍ਰਤੀ ਆਪਣੀ ਲਾਪਰਵਾਹੀ ਵਾਲੀ ਨੀਤੀ ਨਾ ਛੱਡੀ ਤਾਂ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ। ਇਸ ਮੌਕੇ ਜਗਸੀਰ ਸਿੰਘ ਰਾਮਗੜ੍ਹ, ਗੁਰਛੈਬਰ ਸਿੰਘ, ਜਸਵੀਰ ਸਿੰਘ, ਬਲਵਿੰਦਰਪਾਲ ਕੌਸ਼ਿਕ, ਪਰਦੀਪ ਕੁਮਾਰ, ਮਨਜੀਤ ਸ਼ਰਮਾ, ਗੁਰਪਿਆਰ ਸਿੰਘ, ਅਮਨਦੀਪ ਗਰਗ ਸੁਪਰਡੈਂਟ,ਹਰਦੀਪ ਸਿੰਘ ਖਾਈ ਹਾਜ਼ਰ ਸਨ।