ਮੁਲਾਜ਼ਮ ਦੀ ਕੀਤੀ ਕੁੱਟਮਾਰ, ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਮੁਲਾਜ਼ਮ ਦੀ ਕੀਤੀ ਕੁੱਟਮਾਰ, ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ
Publish Date: Sat, 31 Jan 2026 06:19 PM (IST)
Updated Date: Sun, 01 Feb 2026 04:11 AM (IST)

ਸੇਲਜ਼ ਮੈਨੇਜਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ’ਤੇ ਸਥਿਤ ਸ਼੍ਰੀ ਰਾਧਾ-ਕ੍ਰਿਸ਼ਨ ਮੰਦਰ ਦੇ ਸਾਹਮਣੇ ਸਥਿਤ ਇਕ ਨਿੱਜੀ ਬੈਂਕ ਦੇ ਸੇਲਜ਼ ਮੈਨੇਜਰ ਵੱਲੋ ਬੈਂਕ ਦੇ ਮੁਲਾਜ਼ਮ ਨਾਲ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਮਾਮਲੇ ਸਬੰਧੀ ਗੁਰਪ੍ਰੀਤ ਸਿੰਘ ਪੁੱਤਰ ਰਾਜਪਾਲ ਵਾਸੀ ਕਕਰਾਲਾ (ਨਾਭਾ) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਜਨਾ ਸਮਾਲ ਫਾਇਨਾਂਸ ਬੈਂਕ ਭਵਾਨੀਗੜ੍ਹ ਵਿਖੇ ਰਿਲੇਸ਼ਨਸ਼ਿਪ ਮੈਨੇਜਰ ਵਜੋੰ ਕੰਮ ਕਰਦਾ ਹੈ। ਬੀਤੀ ਸ਼ਾਮ ਉਹ ਆਪਣੀ ਡਿਊਟੀ ਸਮਾਪਤ ਕਰ ਕੇ ਘਰ ਚਲਾ ਗਿਆ ਸੀ। ਇਸ ਤੋਂ ਬਾਅਦ ਬੈਂਕ ਦੇ ਸੇਲਜ਼ ਮੈਨੇਜਰ ਅਮਰੀਕ ਸਿੰਘ ਵੱਲੋਂ ਉਸਨੂੰ ਫ਼ੋਨ ਕਰ ਕੇ ਬੈਂਕ ਆ ਕੇ ਕੰਮ ਕਰਨ ਲਈ ਕਿਹਾ ਗਿਆ। ਪੀੜਤ ਨੇ ਦੱਸਿਆ ਕਿ ਉਸਨੇ ਸਾਫ਼ ਤੌਰ ’ਤੇ ਕਹਿ ਦਿੱਤਾ ਕਿ ਉਸਦੀ ਡਿਊਟੀ ਦਾ ਸਮਾਂ ਖ਼ਤਮ ਹੋ ਚੁੱਕਾ ਹੈ ਅਤੇ ਉਹ ਸਵੇਰੇ ਨਿਰਧਾਰਤ ਸਮੇਂ ’ਤੇ ਹੀ ਕੰਮ ਕਰੇਗਾ। ਸ਼ਿਕਾਇਤਕਰਤਾ ਮੁਤਾਬਕ ਅਗਲੇ ਦਿਨ ਸਵੇਰੇ ਸਵਾ 11 ਵਜੇ ਉਕਤ ਸੇਲਜ਼ ਮੈਨੇਜਰ ਬੈਂਕ ਵਿਚ ਆ ਗਿਆ ਤੇ ਉਸ ਨਾਲ ਕੁੱਟਮਾਰ ਕਰਨ ਲੱਗ ਪਿਆ। ਪੀੜਿਤ ਵਿਅਕਤੀ ਦਾ ਦੋਸ਼ ਹੈ ਕਿ ਉਕਤ ਵਿਅਕਤੀ ਨੇ ਉਸ ਨਾਲ ਗਾਲੀ-ਗਲੋਚ ਕਰਦਿਆਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੌਰਾਨ ਬੈੰਕ ਦੇ ਬਾਕੀ ਸਟਾਫ਼ ਨੇ ਮੁਸ਼ਕਲ ਨਾਲ ਉਸਦੀ ਜਾਨ ਬਚਾਈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੈਂਕ ਅੰਦਰ ਲੱਗੇ ਸੀਸੀਟੀਵੀ ਦੀ ਫੁਟੇਜ ਦੇਖ ਕੇ ਪੂਰੀ ਘਟਨਾ ਦੀ ਪੜਤਾਲ ਕੀਤੀ ਜਾ ਸਕਦੀ ਹੈ। ਸ਼ਿਕਾਇਤਕਰਤਾ ਨੇ ਪੁਲਿਸ ਕੋਲੋੰ ਉਕਤ ਵਿਅਕਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਮੇਰੇ ’ਤੇ ਲਾਏ ਦੋਸ਼ ਬੇਬੁਨਿਆਦ ਹਨ : ਸੇਲਜ਼ ਮੈਨੇਜਰ ਓਧਰ, ਦੂਜੇ ਪਾਸੇ ਬੈੰਕ ਦੇ ਉਕਤ ਸੇਲਜ਼ ਮੈਨੇਜਰ ਅਮਰੀਕ ਸਿੰਘ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਅਤੇ ਆਖਿਆ ਕਿ ਉਕਤ ਗੁਰਪ੍ਰੀਤ ਸਿੰਘ ਨੇ ਉਸ ਨੂੰ ਮੁੱਕੇ ਮਾਰੇ ਜਿਸ ਨਾਲ ਉਸਦੇ ਨੱਕ ਤੋੰ ਖੂਨ ਵਗਨ ਲੱਗ ਪਿਆ। ਉਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ : ਬ੍ਰਾਂਚ ਹੈੱਡ ਮਾਮਲੇ ਸਬੰਧੀ ਬੈਂਕ ਦੇ ਬ੍ਰਾਂਚ ਹੈੱਡ ਸੁਰਿੰਦਰ ਕੁਮਾਰ ਪ੍ਰਜਾਪਤੀ ਨਾਲ ਜਦੋਂ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਆਖਣਾ ਸੀ ਕਿ ਫਿਲਹਾਲ ਉਹ ਫੀਲਡ ਵਿਚ ਗਏ ਹੋਏ ਹਨ। ਬੈਂਕ ਚ ਮੁਲਾਜ਼ਮਾਂ ਵਿਚਾਲੇ ਹੋਏ ਵਿਵਾਦ ਬਾਰੇ ਪਤਾ ਲੱਗਾ ਹੈ ਜਿਸ ਸਬੰਧੀ ਉਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਅਧਿਕਾਰੀਆਂ ਨੇ ਮਾਮਲੇ ਸਬੰਧੀ ਵਿਭਾਗੀ ਕਾਰਵਾਈ ਕਰਨ ਦੀ ਗੱਲ ਆਖੀ ਹੈ।